ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨੂੰ ਡੀ.ਜੀ.ਪੀ. ਨਾਲ ਇੱਕ ਉੱਚ ਪੱਧਰੀ ਬੈਠਕ ਦੌਰਾਨ ਹਿੱਸਾ ਲੈਂਦਿਆਂ ਦੇਖਿਆ ਗਿਆ ਸੀ।ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਤੱਕ ਅਜਿਹਾ ਕਦੇ ਵੀ ਇਸ ਦੀ ਘਟਨਾ ਨਹੀਂ ਹੋਈ। ਇਹ ਪੂਰੀ ਤਰ੍ਹਾਂ ਅਨੈਤਿਕ,ਗੈਰਕਾਨੂੰਨੀ ਅਤੇ ਅਸੰਵਿਧਾਨਕ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ "ਸ਼ਾਸਨ ਦੇ ਨਿਯਮਾਂ" ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿਉਂਕਿ ਉਹ ਸਾਬਕਾ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਵਿਧਾਨ ਦੇ ਨਿਯਮਾਂ ਦਾ ਸਨਮਾਨ ਕਰਦੇ ਹੋਏ ਹਮੇਸ਼ਾਂ ਆਪਣੇ ਔਹਦੇ ਦੀ ਭਰੋਸੇਯੋਗਤਾ ਅਤੇ ਸਨਮਾਨ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੀਨੀਅਰ ਨੌਕਰਸ਼ਾਹੀ ਨੇ ਨਿਯਮਾਂ ਅਤੇ ਮਾਪਦੰਡਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਣ ਦੇ ਬਾਵਜੂਦ ਇਸ ਗਲਤੀ ਨੂੰ ਵਾਪਰਨ ਦਿੱਤਾ।