ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਅੱਜ ਪਹਿਲਾਂ ਦਿਨ ਸੀ। ਪਹਿਲੇ ਦਿਨ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਸਰਕਾਰ ਅਤੇ ਵਿਰੋਧੀ ਧਿਰਾਂ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਬਹਿਸ ਹੋਈ। ਇਸ ਮੌਕੇ ਜਿਥੇ ਵਿਰੋਧੀਆਂ ਨੇ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ ਉਥੇ ਹੀ ਇਸ ਮੁੱਦੇ ਨੂੰ ਲੈ ਕੇ ਸਦਨ ਵਿੱਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਸਦਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਫਰਜ਼ੀ ਕਰਾਰ ਦਿੱਤਾ ਹੈ।
ਇਹ ਵੀ ਪੜੋ: ਬਜਟ ਸੈਸ਼ਨ ਦੌਰਾਨ ਵਿਰੋਧੀਆਂ ਵੱਲੋਂ ਹੰਗਾਮਾ, ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਬਹਿਸ ਦੀ ਕੀਤੀ ਮੰਗ
ਪੰਜਾਬ ਨੂੰ ਅਸੀਂ ਬਣਾਵਾਗੇ ਨੰਬਰ ਵਨ: ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਨੂੰ ਫਰਜ਼ੀ ਨੰਬਰ ਵਨ ਬਣਾਇਆ ਗਿਆ ਹੈ ਤੇ ਅਸੀਂ ਇਸਨੂੰ ਹੁਣ ਅਸਲੀ ਨੰਬਰ ਇੱਕ ਬਣਾਵਾਂਗੇ। ਦੱਸ ਦਈਏ ਕਿ ਵਿਰੋਧੀ ਧਿਰ ਦੇ ਆਗੂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਇਹ ਮੁੱਦਾ ਉਠਾਇਆ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਪਹਿਲੇ ਨੰਬਰ ’ਤੇ ਆਇਆ ਤਾਂ ਸਰਕਾਰ ਨੇ ਪਿਛਲੀ ਸਰਕਾਰ ਨੂੰ ਵਧਾਈ ਵੀ ਨਹੀਂ ਦਿੱਤੀ ਸੀ।
ਪ੍ਰਤਾਪ ਬਾਜਵਾ ਨੇ ਚੁੱਕਿਆ ਸੀ ਮੁੱਦਾ: ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ ਕੇਂਦਰ ਦੇ ਰਾਸ਼ਟਰੀ ਸਿੱਖਿਆ ਸਰਵੇਖਣ 'ਚ ਪੰਜਾਬ ਪਹਿਲੇ ਨੰਬਰ 'ਤੇ ਆਇਆ ਹੈ। ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਸੀ। ਬਾਜਵਾ ਨੇ ਪੁੱਛਿਆ ਕਿ ਜਦੋਂ ਉਸ ਦਾ ਪੁੱਤਰ ਕੋਈ ਚੰਗਾ ਕੰਮ ਕਰਕੇ ਆਵੇ ਤਾਂ ਪਿਤਾ ਉਸ ਨੂੰ ਜੱਫੀ ਪਾ ਲਵੇ। ਇਸ ਦਾ ਸਿਹਰਾ ਸਕੂਲ, ਵਿਦਿਆਰਥੀ, ਅਧਿਆਪਕ ਅਤੇ ਸਿੱਖਿਆ ਵਿਭਾਗ ਨੂੰ ਦਿੱਤਾ ਜਾਣਾ ਚਾਹੀਦਾ ਹੈ।
CM ਭਗਵੰਤ ਮਾਨ ਨੇ ਦਿੱਤਾ ਜਵਾਬ: ਪ੍ਰਤਾਪ ਬਾਜਵਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਕਿਸ ਨੂੰ ਨੰਬਰ ਵਨ ਦੱਸ ਰਹੇ ਹੋ। ਇਸ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ, ਜਿਸ ਬਾਰੇ ਮੈਂ ਦੱਸਾਂਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਮਾਰਟ ਸਕੂਲ ਸਿਰਫ਼ ਬਾਹਰੋਂ ਪੇਂਟ ਕਰਕੇ ਨਹੀਂ ਬਣਾਏ ਜਾਂਦੇ। ਸਕੂਲ ਦੇ ਅੰਦਰ ਕੀ ਚੱਲ ਰਿਹਾ ਹੈ? ਕਿਸੇ ਕੋਲ ਬੈਠਣ ਲਈ ਥਾਂ ਹੈ। ਪੀਣ ਵਾਲਾ ਪਾਣੀ ਹੈ। ਅਧਿਆਪਕ ਕਿੱਥੇ ਹੈ? ਉਨ੍ਹਾਂ ਕਿਹਾ ਕਿ ਇਹ ਫਰਜ਼ੀ ਨੰਬਰ ਇਕ ਹੈ। ਅਸੀਂ ਤੁਹਾਨੂੰ ਅਸਲੀ ਨੰਬਰ ਇੱਕ ਦਿਖਾਵਾਂਗੇ।
ਸੀਐਮ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਨਹੀਂ ਦਿੱਤੀ ਸੀ ਵਧਾਈ: ਦੱਸ ਦਈਏ ਕਿ ਨੈਸ਼ਨਲ ਅਚੀਵਮੈਂਟ ਸਰਵੇ 'ਚ ਪੰਜਾਬ ਪਹਿਲੇ ਨੰਬਰ 'ਤੇ ਸੀ। ਉਸ ਨੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਮਾਤ ਦਿੱਤੀ ਸੀ। ਹਾਲਾਂਕਿ 'ਆਪ' ਇਸ ਦਿੱਲੀ ਮਾਡਲ ਨੂੰ ਲਾਗੂ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਸੀ। ਜਦੋਂ ਇਹ ਨਤੀਜਾ ਆਇਆ ਤਾਂ ਕਾਂਗਰਸ ਨੇ ਇਸ ਦਾ ਸਿਹਰਾ ਆਪਣੇ ਸਿਰ ਲੈ ਲਿਆ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਇਸ 'ਤੇ ਵਧਾਈ ਨਹੀਂ ਦਿੱਤੀ ਅਤੇ ਚੁੱਪ ਧਾਰੀ ਰੱਖੀ।
ਇਹ ਵੀ ਪੜੋ: ਪੰਜਾਬ ਕੈਬਨਿਟ ’ਚ ਲਏ ਕਈ ਵੱਡੇ ਫੈਸਲੇ, ਜਾਣੋ