ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਵੱਡਾ ਕਦਮ ਚੁੱਕਦੇ ਹੋਏ ਲੋਕਾਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ ਹੈ। ਸੀਐਮ ਮਾਨ ਵੱਲੋਂ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ 'ਤੇ ਉਨ੍ਹਾਂ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ (Anti-Corruption Helpline) ਨੰਬਰ 9501 200 200 ਜਾਰੀ ਕੀਤਾ ਗਿਆ ਹੈ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਸ਼ਹੀਦੀ ਦਿਹਾੜੇ ਮੌਕੇ ਇਹ ਨੰਬਰ ਜਾਰੀ ਕੀਤਾ ਗਿਆ ਹੈ ਸ਼ਹੀਦਾਂ ਨੂੰ ਇਸ ਤੋਂ ਵੱਡੀ ਸ਼ਰਧਾਂਜਲੀ ਨਹੀਂ ਹੋਵੇਗੀ।
ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੋ ਵੀ ਉਨ੍ਹਾਂ ਤੋਂ ਰਿਸ਼ਵਤ ਮੰਗਦਾ ਹੈ ਉਸ ਨੂੰ ਰਿਸ਼ਵਤ ਦੇਣ ਤੋਂ ਮਨ੍ਹਾਂ ਨਾ ਕਰੋ ਉਸਦੀ ਵੀਡੀਓ ਬਣਾ ਲਓ ਅਤੇ ਇਸ ਨੰਬਰ ਤੇ ਭੇਜੋ। ਇਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨੰਬਰ ’ਤੇ ਸਿਰਫ ਭ੍ਰਿਸ਼ਟਾਚਾਰ ਸਬੰਧੀ ਵੀਡੀਓ ਨੂੰ ਹੀ ਭੇਜਿਆ ਜਾਵੇ। ਦੂਜੇ ਮਾਮਲਿਆਂ ਦੇ ਲਈ ਹੋਰ ਵਿਭਾਗ ਬਣਾਏ ਗਏ ਹਨ। ਉਨ੍ਹਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸੀਐੱਮ ਨੇ ਕੀਤੀ ਲੋਕਾਂ ਨੂੰ ਅਪੀਲ: ਸੀਐੱਮ ਮਾਨ ਨੇ ਕਿਹਾ ਕਿ ਜੋ ਵੀ ਮਾਮਲੇ ਚ ਦੋਸ਼ੀ ਪਾਇਆ ਜਾਵੇਗਾ ਚਾਹੇ ਉਹ ਕੋਈ ਵੀ ਹੋਵੇ ਉਸ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਸੀਐੱਮ ਮਾਨ ਨੇ ਪੰਜਾਬੀਆਂ ਤੋਂ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ।
ਨਾਇਬ ਤਹਿਸੀਲਦਾਰ ਖਿਲਾਫ਼ ਪਹਿਲਾ ਮਾਮਲਾ: ਸਮਾਜ ਸੇਵੀ ਵੱਲੋਂ ਹਲਕਾ ਤਲਵੰਡੀ ਸਾਬੋ ’ਚ ਤੈਨਾਤ ਨਾਇਬ ਤਹਿਸੀਲਦਾਰ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਚ ਸਮਾਜ ਸੇਵੀ ਨੇ ਨਾਇਬ ਤਹਿਸੀਲਦਾਰ ’ਤੇ ਪੈਸੇ ਲੈਣ ਦੇ ਇਲਜ਼ਾਮ ਲਗਾਏ ਹਨ। ਸ਼ਿਕਾਇਤ ਚ ਕਿਹਾ ਗਿਆ ਹੈ ਕਿ ਹਲਕਾ ਤਲਵੰਡੀ ਸਾਬੋ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਵਲੋਂ ਸ਼੍ਰੀ ਗਊ ਸ਼ਾਲਾ ਬਠਿੰਡਾ ਨੂੰ ਦਾਨ ਕੀਤੇ ਰਕਬੇ ਦੇ ਵਸੀਕੇ ਤਸਦੀਕ ਕਰਨ ਬਦਲੇ 3000, ਰੁਪਏ ਖੁਦ ਅਤੇ 200 ਰੁਪਏ ਸੇਵਾਦਾਰ ਲਈ ਲਏ ਹਨ ਜਿਸ ਦੀ ਉਨ੍ਹਾਂ ਨੇ ਪੂਰੀ ਸ਼ਿਕਾਇਤ ਨਾਲ ਸਬੂਤ ਅਤੇ ਸਵੈ ਘੋਸ਼ਣਾ ਪੱਤਰ ਭੇਜ ਦਿੱਤਾ ਗਿਆ ਹੈ।
ਪ੍ਰਗਟ ਸਿੰਘ ਨੇ ਚੁੱਕੇ ਸਵਾਲ: ਭਗਵੰਤ ਮਾਨ ਦੇ ਇਸ ਜਾਰੀ ਨੰਬਰ ਨੂੰ ਲੈਕੇ ਵਿਰੋਧ ਪਾਰਟੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਹਨ। ਜਲੰਧਰ ਵਿੱਚ ਸਾਬਕਾ ਮੰਤਰੀ ਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਅੱਜ ਜੋ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਉਹ ਕੋਈ ਨਵੀਂ ਗੱਲ ਨਹੀਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਇਸ ਤਰ੍ਹਾਂ ਦੇ ਕਈ ਨੰਬਰ ਅਤੇ ਰਿਸ਼ਵਤਖੋਰੀ ਨੂੰ ਰੋਕਣ ਲਈ ਹੋਰ ਤਰੀਕੇ ਅਪਣਾਉਂਦੀ ਰਹੀ ਹੈ ਪਰ ਇਹ ਰੁਕ ਨਹੀਂ ਰਹੀ। ਪਰਗਟ ਸਿੰਘ ਨੇ ਕਿਹਾ ਕਿ ਅੱਜ ਸਰਕਾਰ ਨੂੰ ਇੰਨ੍ਹਾਂ ਕੰਮਾਂ ਦੀ ਨਹੀਂ ਬਲਕਿ ਉਨ੍ਹਾਂ ਲੋਕਾਂ ’ਤੇ ਨੱਥ ਪਾਉਣ ਦੀ ਲੋੜ ਹੈ ਜੋ ਹਜ਼ਾਰਾਂ ਕਰੋੜ ਰੁਪਏ ਦੇ ਸਕੈਂਡਲ ਕਰਦੇ ਹਨ।
ਪ੍ਰਕਾਸ਼ ਸਿੰਘ ਬਾਦਲ ਨੇ ਕਹੀ ਇਹ ਗੱਲ: ਮੁੱਖ ਮੰਤਰੀ ਵਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਨੰਬਰ ਜਾਰੀ ਕੀਤੇ ਜਾਣ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭ੍ਰਿਸਟਾਚਾਰ ਕਹਿਣ ਨਾਲ ਖਤਮ ਨਹੀਂ ਹੁੰਦਾ ਇਹ ਜੜਾ ਵਿੱਚ ਬੈਠਾ ਚੁੱਕਾ ਹੈ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਹਫਤੇ 'ਚ ਖ਼ਤਮ ਕਰਨ ਦੀ ਗੱਲ ਕਹੀ ਸੀ ਹੁਣ ਇਹ ਤਾਂ ਸਮਾਂ ਦੱਸੇਗਾ।
ਘਰ-ਘਰ ਪਹੁੰਚਾਈ ਜਾਵੇਗਾ ਸ਼ਹੀਦ ਭਗਤ ਸਿੰਘ ਦੀ ਸੋਚ: ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਹੂਸੈਨੀਵਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਚਾਰ ਵਿਧਾਇਕ ਵੀ ਮੌਜੂਦ ਸੀ। ਇਸ ਮੌਕੇ ਸੀਐੱਮ ਨੇ ਕਿਹਾ ਕਿ ਜੋ ਉਨ੍ਹਾਂ ਦੇ ਸੁਪਨੇ ਸੀ ਇਸ ਨੂੰ ਘਰ-ਘਰ ਪਹੁੰਚਾਉਣ ਦੀ ਲੜਾਈ ਅਸੀਂ ਲੜ ਰਹੇ ਅਤੇ ਉਨ੍ਹਾਂ ਦੀ ਸੋਚ ਨੂੰ ਘਰ-ਘਰ ਪਹੁੰਚਾਇਆ ਜਾਵੇਗਾ।
ਸੀਐੱਮ ਮਾਨ ਨੇ ਅੱਗੇ ਕਿਹਾ ਕਿ ਜੋ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਸਾਨੂੰ ਮੌਕਾ ਦਿੱਤਾ ਹੈ ਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਅਸੀਂ ਹਰ ਹਾਲਤ ਵਿਚ ਪੂਰਾ ਕਰਾਂਗੇ।
ਇਹ ਵੀ ਪੜੋ: ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਮਾਮਲਾ: ਐਸਜੀਪੀਸੀ ਵੱਲੋਂ ਬੋਰਡ ਲਗਾ ਸੰਗਤ ਨੂੰ ਕੀਤਾ ਗਿਆ ਜਾਗਰੂਕ