ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਗੈਂਗਸਟਰਾਂ ਨੇ 3-4 ਸੂਬਿਆਂ ’ਚ ਨੈਕਸਸ ਬਣਾ ਲਿਆ ਹੈ। ਗੈਂਗਸਟਰਾਂ ਨੂੰ ਕਿਸੇ ਵੀ ਕੀਮਤ ਚ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੇ ਹਲਾਤਾਂ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ।
'ਗੈਂਗਸਟਰਾਂ ’ਤੇ ਕੱਸੀ ਜਾਵੇਗੀ ਨਕੇਲ': ਸੀਐੱਮ ਮਾਨ ਨੇ ਅੱਗੇ ਕਿਹਾ ਕਿ ਤਿੰਨ ਚਾਰ ਸੂਬਿਆਂ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਜਾ ਰਹੀ ਹੈ। ਵੱਖ ਵੱਖ ਸੂਬਿਆਂ ਚੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਜੋ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਉਨ੍ਹਾਂ ਦੀ ਬੌਖਲਾਹਟ ਦਾ ਨਤੀਜਾ ਹੈ।
'ਆਪ' ਦਾ ਉਮੀਦਵਾਰ ਆਮ ਘਰ ਚੋਂ ਹੈ': ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਕੰਮ ਨੂੰ ਦੇਖ ਕੇ ਹੀ ਉਮੀਦਵਾਰ ਨੂੰ ਸਾਂਸਦ ਜਾਂ ਵਿਧਾਨਸਭਾ ਭੇਜਦੇ ਹਨ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੂੰ ਦੋ ਵਾਰ ਸਾਂਸਦ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਮੇਲ ਸਿੰਘ ਆਮ ਘਰ ਤੋਂ ਹੈ ਅਤੇ ਇੱਕ ਛੋਟੇ ਜਿਹੇ ਘਰ ਤੋਂ ਪਿੰਡ ਦਾ ਸਰਪੰਚ ਹੈ ਅਤੇ ਜਿਹੜੇ ਬਾਕੀ ਪਾਰਟੀਆਂ ਦੇ ਉਮੀਦਵਾਰ ਹਨ ਉਹ ਵੱਡੇ ਲੋਕ ਹਨ।
'ਵਿਕਾਸ ’ਤੇ ਮੰਗੀ ਜਾ ਰਹੀ ਹੈ ਵੋਟ': ਸੀਐੱਮ ਮਾਨ ਨੇ ਅੱਗੇ ਕਿਹਾ ਕਿ ਉਹ ਸਿਹਤ , ਸਿੱਖਿਆ, ਬੇਰੁਜ਼ਗਾਰੀ, ਕਿਸਾਨੀ, ਸਸਤੀ ਬਿਜਲੀ, ਵਪਾਰ ਨੂੰ ਅੱਗੇ ਵਧਾਉਣਾ, ਖੇਤੀ ਮੁੜ ਤੋਂ ਲੀਹ ਤੇ ਲਿਆਉਣ ਦੇ ਨਾਂ ਤੇ ਵੋਟ ਮੰਗ ਰਹੇ ਹਨ। ਦੂਜੀ ਪਾਰਟੀਆਂ ਦੇ ਕੋਲ ਕੋਈ ਮੁੱਦਾ ਨਹੀਂ ਹੈ। ਅਸੀਂ ਸਿਰਫ ਵਿਕਾਸ ਦੀ ਰਾਜਨੀਤੀ ਕਰਦੇ ਹਨ ਹੋਰ ਕੋਈ ਰਾਜਨੀਤੀ ਨਹੀਂ ਕਰਦੇ।
ਸ਼ਰਾਰਤੀ ਅਨਸਰਾਂ ਨੂੰ ਸੀਐੱਮ ਮਾਨ ਦੀ ਨਸੀਹਤ: ਸੰਗਰੂਰ ਦੇ ਕਾਲੀ ਮਾਤਾ ਮੰਦਿਰ ’ਤੇ ਖਾਲਿਸਤਾਨ ਨਾਅਰੇ ਲਿਖੇ ਜਾਣ ਤੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਚ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬ ਦੀ ਧਰਤੀ ਬਹੁਤ ਉਪਜਾਉ ਹੈ। ਇੱਥੇ ਕੋਈ ਵੀ ਬੀਜ ਉਗਾ ਲਵੋ ਉਹ ਪੈਦਾ ਜਾਵੇਗਾ ਪਰ ਪੰਜਾਬ ਚ ਨਫਰਤ ਦਾ ਬੀਜ ਪੈਦਾ ਨਹੀਂ ਹੋਵੇਗਾ।
'ਵਾਪਸ ਲੈਣੀ ਚਾਹੀਦੀ ਅਗਨੀਪਥ ਸਕੀਮ': ਅਗਨੀਪਥ ਸਕੀਮ ਨੂੰ ਲੈ ਕੇ ਸੀਐੱਮ ਮਾਨ ਨੇ ਕਿਹਾ ਕਿ ਇਹ ਭਾਰਤ ਸਰਕਾਰ ਦੀ ਸਭ ਤੋਂ ਗੰਦੀ ਸਕੀਮ ਹੈ। 4 ਸਾਲ ਫੌਜ ਚ ਕੰਮ ਕਰਨ ਤੋਂ ਬਾਅਦ 21 ਸਾਲ ਦਾ ਨੌਜਵਾਨ ਘਰ ਆ ਜਾਵੇਗਾ। ਉਸ ਤੋਂ ਬਾਅਦ ਉਹ ਕੀ ਕਰੇਗਾ। ਕੀ ਭਾਰਤ ਦੀ ਫੌਜ ਨੂੰ ਕਿਰਾਏ ’ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਮਨੋਬਲ ਨੂੰ ਡਿਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਨੀਪਥ ਦੇ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਹੈ।
ਇਹ ਵੀ ਪੜੋ: ਬਠਿੰਡਾ ਬੱਸ ਸਟੈਂਡ ’ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦਾ ਪ੍ਰਦਰਸ਼ਨ, ਯਾਤਰੀਆਂ ਹੋਏ ਪਰੇਸ਼ਾਨ