ਚੰਡੀਗੜ੍ਹ: ਐਤਵਾਰ ਨੂੰ ਸ਼ਹੀਦ ਸਿਪਾਹੀ ਮਨਜੀਤ ਸਿੰਘ, ਜਿਸਨੇ ਨੌਸ਼ਹਿਰਾ ਸੈਕਟਰ (ਜੰਮੂ ਅਤੇ ਕਸ਼ਮੀਰ) ਵਿੱਚ ਦੇਸ਼ ਦੀ ਸੇਵਾ ਅਤੇ ਰੱਖਿਆ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ, ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਹਾਦਰ ਸਿਪਾਹੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਵੱਲੋਂ ਵਿਖਾਈ ਗਈ ਇਸ ਸਮਰਪਿਤ ਭਾਵਨਾ ਉਨ੍ਹਾਂ ਦੇ ਸਾਥੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਤਨਦੇਹੀ ਅਤੇ ਸਮਰਪਣ ਨਾਲ ਨਿਭਾਉਣ ਲਈ ਹਮੇਸ਼ਾ ਪ੍ਰੇਰਦੀ ਰਹੇਗੀ।
ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਖੇੜਾ ਕੋਟਲੀ (ਤਹਿਸੀਲ ਦਸੂਹਾ) ਦਾ ਰਹਿਣ ਵਾਲਾ 17 ਸਿੱਖ ਰੈਜ਼ੀਮੈਂਟ ਨਾਲ ਸਬੰਧਤ ਸਿਪਾਹੀ ਮਨਜੀਤ ਸਿੰਘ, ਜਿਸ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਮਾਤਾ-ਪਿਤਾ, ਚਾਰ ਭੈਣਾਂ ਅਤੇ ਇੱਕ ਭਰਾ ਛੱਡ ਗਿਆ ਹੈ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਸ਼ਨੀਵਾਰ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ-ਨਾਲ ਇਕ ਚੌਕੀ ਨੇੜੇ ਗਸ਼ਤ ਦੌਰਾਨ ਬਾਰੂਦੀ ਸੁਰੰਗ ਦੇ ਧਮਾਕੇ 'ਚ ਇਕ ਅਧਿਕਾਰੀ ਸਮੇਤ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਅਧਿਕਾਰੀਆਂ ਮੁਤਾਬਕ ਫੌਜ ਨੇ ਸਰਹੱਦ ਪਾਰ ਤੋਂ ਘੁਸਪੈਠ ਨੂੰ ਰੋਕਣ ਲਈ ਉਸ ਥਾਂ 'ਤੇ ਬਾਰੂਦੀ ਸੁਰੰਗਾਂ ਵਿਛਾਈ ਸੀ, ਜਿੱਥੇ ਧਮਾਕਾ ਹੋਇਆ ਸੀ। ਸ਼ਹੀਦ ਹੋਏ ਜਵਾਨਾਂ ਵਿਚ ਲੈਫਟੀਨੈਂਟ ਰਿਸ਼ੀ ਕੁਮਾਰ ਅਤੇ ਸਿਪਾਹੀ ਮਨਜੀਤ ਸਿੰਘ ਸ਼ਾਮਲ ਹੈ।
ਇਹ ਵੀ ਪੜ੍ਹੋ-ਰਾਜੌਰੀ 'ਚ ਐਲਓਸੀ 'ਤੇ ਗਸ਼ਤ ਦੌਰਾਨ ਧਮਾਕਾ, ਫ਼ੌਜੀ ਅਫ਼ਸਰ ਸਮੇਤ ਦੋ ਸ਼ਹੀਦ