ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਸ਼ਹਿਰ 'ਚ ਲੱਗੇ ਕਰਫਿਊ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਹਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਲੋਕਾਂ ਦੀ ਮਦਦ ਕਰ ਸਕੇ। ਇਸ ਦੌਰਾਨ ਕਈ ਹੋਰ ਲੋਕ ਵੀ ਆਪਣਾ ਆਪਣਾ ਯੋਗਦਾਨ ਦੇ ਰਹੇ ਹਨ, ਤਾਂ ਜੋ ਲੋੜਬੰਦਾ ਦੀ ਮਦਦ ਕੀਤੀ ਜਾ ਸਕੇ।
ਇਸ ਮਦਦ ਦੇ ਉਪਰਾਲੇ 'ਚ ਹਰ ਸੈਕਟਰ ਦੀ ਵੈੱਲਫੇਅਰ ਐਸੋਸੀਏਸ਼ਨ ਵੀ ਸ਼ਾਮਿਲ ਹੈ। ਜੋ ਕਿ ਸੋਸਾਇਟੀ ਜਾਂ ਸੈਕਟਰ ਵਿੱਚ ਕੰਮ ਕਰਨ ਵਾਲੇ ਧੋਬੀ, ਮਾਲੀ, ਗੱਡੀਆਂ ਧੋਣ ਵਾਲੇ ਤੇ ਹੋਰ ਅਜਿਹੇ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ ਸੈਕਟਰ ਦੇ ਵਿੱਚ ਕੋਰੋਨਾ ਵਾਇਰਸ ਨਾ ਫੈਲੇ ਇਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ।
ਮਹਾਂਮਾਰੀ ਦੇ ਦੌਰਾਨ ਵੀ ਵੈੱਲਫੇਅਰ ਐਸੋਸੀਏਸ਼ਨ ਆਪਣਾ ਇੱਕ ਅਲੱਗ ਹੀ ਯੋਗਦਾਨ ਦੇ ਰਹੀਆਂ ਹਨ। ਜਿੱਥੇ ਇੱਕ ਪਾਸੇ ਲੋਕਾਂ ਨੂੰ ਮਾਸਕ, ਸੈਨੀਟਾਈਜ਼ਰ ਤੇ ਕੋਰੋਨਾ ਵਾਇਰਸ ਨੂੰ ਲੈ ਕੇ ਜ਼ਰੂਰਤ ਦੀਆਂ ਚੀਜ਼ਾਂ ਵੰਡ ਰਹੇ ਹਨ ਉੱਥੇ ਹੀ ਆਪਣੇ ਆਪਣੇ ਸੈਕਟਰਾਂ ਦੀ ਰਾਖੀ ਲਈ ਖ਼ੁਦ ਹੀ ਗਲੀ ਦੀ ਰਖਵਾਲੀ ਕਰ ਰਹੇ ਹਨ।
ਇਸ ਤੋਂ ਇਲਾਵਾ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਨੇ ਦੱਸਿਆ ਕਿ ਕਰਫ਼ਿਊ ਲੱਗਣ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਸੈਕਟਰ ਵਿੱਚ ਕੰਮ ਕਰਨ ਦੇ ਲਈ ਆਉਣ ਵਾਲੀ ਨੂੰ ਮਨ੍ਹਾ ਕਰ ਦਿੱਤਾ ਸੀ ਪਰ ਉਨ੍ਹਾਂ ਨੂੰ ਪੂਰੀ ਤਨਖ਼ਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਚੀਜ਼ ਨੂੰ ਵੀ ਸਖ਼ਤੀ ਨਾਲ ਵੇਖਿਆ ਜਾ ਰਿਹਾ ਹੈ ਕਿ ਕੋਈ ਵੀ ਕਰਫਿਊ ਦੀ ਉਲੰਘਣਾ ਨਾ ਕਰੇ।