ਚੰਡੀਗੜ੍ਹ: ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੌਜਵਾਨ ਪੰਜਾਬੀ ਗਾਇਕ ਦਿਲਜਾਨ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕ ਦਿਲਜਾਨ (32 ਸਾਲ) ਦੀ ਬੀਤੀ ਰਾਤ ਜੰਡਿਆਲਾ ਗੁਰੂ ਕੋਲ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਬੇਵਕਤੀ ਹੋਈ ਦੁਖਦਾਈ ਮੌਤ ਨਾਲ ਸਮੁੱਚੇ ਪੰਜਾਬੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਸ ਮੌਕੇ ਆਪਣੇ ਸੋਕ ਸੰਦੇਸ਼ ਵਿੱਚ ਚੰਨੀ ਨੇ ਕਿਹਾ ਕਿ ਇਸ ਸੁਰੀਲੇ ਅਤੇ ਮਿੱਠ ਬੋਲੜੇ ਕਲਾਕਾਰ ਦੇ ਵਿਛੋੜੇ ਨਾਲ ਸੰਗੀਤ ਪ੍ਰੇਮੀਆਂ ਅਤੇ ਸਮੁੱਚੇ ਪੰਜਾਬੀ ਜਗਤ ਨੂੰ ਵੱਡਾ ਸਦਮਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਦਿਲਜਾਨ ਬਹੁਤ ਹੀ ਸੁਰੀਲਾ ਗਾਇਕ ਸੀ, ਜਿਸਨੇ ਚਮਕੌਰ ਸਾਹਿਬ ਵਿਖੇ ਬਣ ਰਹੇ ਥੀਮ ਪਾਰਕ ਲਈ ਵੀ ਦੋ ਗੀਤਾਂ ਲਈ ਆਪਣੀ ਆਵਾਜ਼ ਦਿੱਤੀ ਸੀ।
ਇਸ ਦੁੱਖ ਦੀ ਘੜੀ ਵਿੱਚ ਦਿਲਜਾਨ ਦੇ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕਰਦਿਆਂ ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਬੇਵਕਤੀ ਵਿਛੋੜੇ ਕਾਰਨ ਪਏ ਘਾਟੇ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।