ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਸ਼ਹਿਰ ਵਿੱਚ ਪ੍ਰਸ਼ਾਸਨ ਨੇ ਕਰਫਿਊ ਲਗਾਇਆ ਹੋਇਆ ਹੈ। ਇਸ ਕਰਫਿਊ ਦੌਰਾਨ ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਭੋਜਨ ਦੀ ਪਰੇਸ਼ਾਨੀ ਆ ਰਹੀ ਹੈ। ਇਸ ਨੂੰ ਵੇਖਦੇ ਹੋਏ ਬਹੁਤ ਸਾਰੀਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਇਨ੍ਹਾਂ ਲੋਕਾਂ ਤੱਕ ਭੋਜਨ ਪਹੁੰਚਾ ਰਹੀਆਂ ਹਨ। ਇਸੇ ਤਰ੍ਹਾਂ ਹੀ 'ਸ੍ਰੀ ਸ਼ਿਵ ਸਾਂਈ ਰਾਮ ਸੇਵਾ ਸਮਿਤੀ' ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋੜਵੰਦ ਲੋਕਾਂ ਤੱਕ ਭੋਜਨ ਪਹੁੰਚਾ ਰਹੀ ਹੈ।
ਸੰਸਥਾ ਦੇ ਮੈਂਬਰ ਸਾਹਿਲ ਦੀਵਾਨ ਨੇ ਦੱਸਿਆ ਕਿ ਇਸ ਮਹਾਮਾਰੀ ਤੋਂ ਬਚਾਅ ਲਈ ਜਿੱਥੇ ਸਰਕਾਰ ਉਪਰਾਲੇ ਕਰ ਰਹੀ ਹੈ, ਉੱਥੇ ਹੀ ਆਮ ਲੋਕ ਵੀ ਇਸ ਬਿਮਾਰੀ ਵਿਰੁੱਧ ਲੜਾਈ ਵਿੱਚ ਡਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਹਰ ਰੋਜ਼ ਲੋੜਵੰਦ ਲੋਕਾਂ ਲਈ ਕਰਿਫਊ ਦੌਰਾਨ ਭੋਜਨ ਤਿਆਰ ਕਰ ਕੇ ਵਰਤਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਵਾਇਰਸ ਤੋਂ ਬਚਾਅ ਲਈ ਲੰਗਰ ਵਰਤਾਉਣ ਵਾਲੇ ਤੇ ਲੰਗਰ ਤਿਆਰ ਕਰਨ ਵਾਲੇ ਸੇਵਾਦਾਰਾਂ ਦੀ ਸਿਹਤ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੰਕਟ ਦੇ ਸਮੇਂ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਸ਼ਹਿਰ ਵਿੱਚ ਕੋਈ ਲੋੜਵੰਦ ਵਿਅਕਤੀ ਭੁੱਖਾ ਨਾ ਸੌਂ ਸਕੇ।
ਇਹ ਵੀ ਪੜ੍ਹੋ : ਕੋਵਿਡ-19: ਮੋਹਾਲੀ ਦੇ ਨਵਾਂ ਗਾਓਂ ਦਾ ਪਾਜ਼ੀਟਿਵ ਮਾਮਲਾ ਆਉਣ ਤੋਂ ਬਾਅਦ ਪਿੰਡ ਕੀਤਾ ਸੀਲ