ਚੰਡੀਗੜ੍ਹ: ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਸਰਕਾਰ ਨੇ ਕਰਫਿਊ ਲਾਇਆ ਹੋਇਆ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਦੁੱਧ, ਸਬਜ਼ੀਆਂ ਤੇ ਹੋਰ ਰੋਜ਼ਾਨਾਂ ਦੀਆਂ ਚੀਜ਼ਾਂ ਖ਼ਰੀਦਣ ਸਬੰਧੀ ਕਾਫ਼ੀ ਮੁਸ਼ਕਿਲ ਆ ਰਹੀ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਅਹਿਮ ਫ਼ੈਸਲਾ ਲਿਆ ਹੈ।
ਦੱਸ ਦਈਏ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਜ਼ਰੂਰਤਮੰਦ ਚੀਜ਼ਾਂ ਖ਼ਰੀਦਣ ਸਬੰਧੀ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਆਪਣੇ ਸੈਕਟਰ ਦੀਆਂ ਦੁਕਾਨਾਂ ਤੋਂ ਜ਼ਰੂਰੀ ਚੀਜ਼ਾਂ ਖ਼ਰੀਦਣ ਸਬੰਧੀ ਵੀ ਆਗਿਆ ਮਿਲੀ ਹੈ। ਉੱਥੇ ਹੀ ਇਸ ਦੌਰਾਨ ਜ਼ਿਆਦਾ ਇਕੱਠ ਕਰਨ ਦੀ ਆਗਿਆ ਨਹੀਂ ਹੈ ਤੇ ਲੋਕਾਂ ਨੂੰ ਪੈਦਲ ਹੀ ਦੁਕਾਨਾਂ ਵਿੱਚ ਸਾਮਾਨ ਖ਼ਰੀਦਣ ਲਈ ਆਉਣ ਲਈ ਕਿਹਾ ਗਿਆ।
ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਨਾਗਰਿਕਾਂ ਵਿਚਾਲੇ ਸਮਾਜਕ ਦੂਰੀ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਤੇ ਸ਼ਹਿਰ ਵਾਸੀਆਂ ਨੂੰ ਕੋਵੀਡ-19 ਨਾਲ ਲੜਨ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਸਰਕਾਰ ਦੁਆਰਾ ਸਮਾਜਕ ਦੂਰੀਆਂ ਦੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ।
ਪ੍ਰਸ਼ਾਸਨ ਨੇ ਦੁਬਾਰਾ ਸ਼ਹਿਰ ਦੇ ਆਰਥਿਕ ਕਮਜ਼ੋਰ ਵਰਗਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ। ਪ੍ਰਬੰਧਕ ਨੇ ਦੱਸਿਆ ਕਿ ਰੋਜ਼ਾਨਾ ਤਕਰੀਬਨ 15000 ਜ਼ਰੂਰਤਮੰਦ ਵਿਅਕਤੀਆਂ ਨੂੰ ਪਕਾਇਆ ਹੋਇਆ ਭੋਜਨ ਵੰਡਿਆ ਜਾਂਦਾ ਹੈ। ਹਾਲਾਂਕਿ, ਚੰਡੀਗੜ੍ਹ ਪ੍ਰਸ਼ਾਸਨ ਦੇ ਕਰਮਚਾਰੀ ਸੀਟੀਯੂ ਬੱਸਾਂ ਰਾਹੀਂ ਮੁੜ ਵਸੇਬਾ ਕਲੋਨੀਆਂ, ਝੁੱਗੀਆਂ-ਝੌਂਪੜੀਆਂ ਅਤੇ ਪਿੰਡਾਂ ਨੂੰ ਰਾਸ਼ਨ ਅਤੇ ਸਬਜ਼ੀਆਂ ਦੀ ਸਪਲਾਈ ਕਰ ਰਹੇ ਹਨ।