ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਧ ਤੋਂ ਵੱਧ ਲੋਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਜਾਗਰੂਕ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਅਤੇ ਸੂਬੇ ਦੇ ਵਸਨੀਕਾਂ ਦੇ ਵੱਡੀ ਗਿਣਤੀ ਵਿੱਚ ਰਜਿਸਟਰਡ ਹੋਣ ਨਾਲ ਇਸ ਮੁਹਿੰਮ ਨੂੰ ਕਾਫ਼ੀ ਸਫ਼ਲਤਾ ਮਿਲੀ ਹੈ।
ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ, 1951 ਦੀ ਧਾਰਾ 62 ਮੁਤਾਬਕ ਜਿਸ ਵਿਅਕਤੀ ਦਾ ਨਾਂਅ ਵੋਟਰ ਸੂਚੀ ਵਿੱਚ ਵੋਟਰ ਵਜੋਂ ਦਰਜ ਹੋਵੇਗਾ ਉਹ ਹੀ ਵਿਅਕਤੀ ਸਬੰਧਤ ਲੋਕ ਸਭਾ ਹਲਕੇ ਵਿੱਚ ਵੋਟ ਪਾਉਣ ਲਈ ਹੱਕਦਾਰ ਹੋਵੇਗਾ।
ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ 19 ਮਈ 2019 ਨੂੰ ਇੱਕੋ-ਪੜਾਅ ਵਿੱਚ ਵੋਟਾਂ ਪੈਣਗੀਆਂ। ਉਮੀਦਵਾਰਾਂ ਲਈ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ 29 ਅਪ੍ਰੈਲ ਹੈ।
ਉਨ੍ਹਾਂ ਦੱਸਿਆ ਕਿ 31-1-2019 ਤੱਕ ਪੰਜਾਬ ਵਿੱਚ 2,03,74,375 ਵੋਟਰ ਹਨ। ਇਸ ਤੋਂ ਬਾਅਦ 4 ਲੱਖ ਤੋਂ ਵੱਧ ਨਵੇਂ ਵੋਟਰ ਰਜਿਸਟਰ ਕੀਤੇ ਗਏ ਹਨ ਜਿਨਾਂ 'ਚੋਂ 182422 ਵੋਟਰ 18-25 ਸਾਲ ਉਮਰ ਵਰਗ ਨਾਲ ਸਬੰਧਤ ਹਨ।