ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਐਤਵਾਰ ਕਿਹਾ ਕਿ ਕਿਸਾਨਾਂ ਦੇ ਖਦਸ਼ੇ ਪੰਜਾਬ ਵਿੱਚ ਪਹਿਲਾਂ ਹੀ ਸੱਚ ਸਾਬਤ ਹੋਣੇ ਸ਼ੁਰੂ ਹੋ ਗਏ ਹਨ ਕਿਉਂਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀਸੀਆਈ) ਨੇ ਕਪਾਹ ਦੀ ਰੋਜ਼ਾਨਾ ਖਰੀਦ ਦੀ ਹੱਦ ਤੈਅ ਕਰ ਦਿੱਤੀ ਹੈ ਅਤੇ ਇਸ ਨਾਲ ਖਰੀਦ ਵਿੱਚ ਚਾਰ ਗੁਣਾ ਕਮੀ ਆ ਗਈ ਹੈ।
ਰੋਜ਼ਾਨਾ ਦੀ ਹੱਦ ਖਤਮ ਕਰਨ ਲਈ ਪ੍ਰਧਾਨ ਮੰਤਰੀ ਤੋਂ ਮੰਗਿਆ ਦਖਲ
ਪ੍ਰਧਾਨ ਮੰਤਰੀ ਨੂੰ ਸੀਸੀਆਈ ਦੀ ਕਾਰਵਾਈ ਦਾ ਨੋਟਿਸ ਲੈਣ ਲਈ ਆਖਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਾਰ-ਵਾਰ ਇਹ ਬਿਆਨ ਦੇ ਰਹੇ ਹਨ ਕਿ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ ਪਰ ਐਮਐਸਪੀ ’ਤੇ ਯਕੀਨੀ ਖਰੀਦ ਬਾਰੇ ਕੁੱਝ ਵੀ ਸਪਸ਼ਟ ਦੱਸਣ ਵਿੱਚ ਅਸਮਰਥ ਰਹਿਣ ਨਾਲ ਪਹਿਲਾਂ ਹੀ ਸਰਕਾਰੀ ਵਿਭਾਗਾਂ ’ਤੇ ਉਲਟ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੀਸੀਆਈ ਪਿਛਲੇ ਸਾਲ ਦੇ ਸ਼ਡਿਊਲ ਮੁਤਾਬਕ ਖਰੀਦ ਕਰਨ ਲਈ ਤਿਆਰ ਨਹੀਂ ਹੈ ਅਤੇ ਪੰਜਾਬ ਦੇ 7 ਜ਼ਿਲ੍ਹਿਆਂ ਦੀਆਂ ਮੰਡੀਆਂ ਵਿੱਚ ਰੋਜ਼ਾਨਾ 50 ਹਜ਼ਾਰ ਕੁਇੰਟਲ ਕਪਾਹ ਮੰਡੀਆਂ ਵਿੱਚ ਆਉਣ ’ਤੇ ਵੀ ਸਿਰਫ਼ 12500 ਕੁਇੰਟਲ ਦੀ ਖਰੀਦ ਕਰਨ ਦੀ ਗੱਲ ਕਹਿ ਕੇ ਕਪਾਹ ਉਤਪਾਦਕ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ-ਕਰਮ ’ਤੇ ਛੱਡ ਰਹੀ ਹੈ।
ਪ੍ਰਧਾਨ ਮੰਤਰੀ ਨੂੰ ਕੰਮ ਸਹੀ ਲੀਹ ’ਤੇ ਪਾਉਣ ਵਾਸਤੇ ਆਖਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਸਪੱਸ਼ਟ ਹਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਜਿਸ ਵਿੱਚ ਉਹ ਐਮਐਸਪੀ ਦੀ ਸੂਚੀ ਵਿੱਚ ਸ਼ਾਮਲ ਸਾਰੀਆਂ ਖੇਤੀ ਜਿਣਸਾਂ ਦੀ ਐਮਐਸਪੀ ਅਨੁਸਾਰ ਯਕੀਨੀ ਸਰਕਾਰੀ ਖਰੀਦ ਦੀ ਗਰੰਟੀ ਦੇਣ। ਇਸ ਵਿੱਚ ਪ੍ਰਾਈਵੇਟ ਵਪਾਰੀਆਂ ਲਈ ਐਮਐਸਪੀ ਅਨੁਸਾਰ ਹੀ ਖੇਤੀ ਜਿਣਸਾਂ ਦੀ ਖਰੀਦ ਲਾਜ਼ਮੀ ਹੋਵੇ ਤੇ ਉਹ ਐਮਐਸਪੀ ਤੋਂ ਘੱਟ ਰੇਟ ’ਤੇ ਖਰੀਦ ਨਾ ਕਰ ਸਕਣ।
'ਪ੍ਰਧਾਨ ਮੰਤਰੀ ਖ਼ੁਦ ਸਿੱਧਾ ਕਿਸਾਨਾਂ ਨਾਲ ਗੱਲਬਾਤ ਕਰਨ'
ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਸਭ ਕੁਝ ਸੰਭਵ ਹੈ ਪਰ ਇਸਦੇ ਸਫਲ ਹੋਣ ਲਈ ਪ੍ਰਧਾਨ ਮੰਤਰੀ ਨੂੰ ਉਹ ਵਿਚੋਲੇ ਪਾਸੇ ਕਰਨੇ ਪੈਣਗੇ, ਜਿਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਉਲਝਾ ਦਿੱਤੀ ਹੈ ਤੇ ਹੁਣ ਉਨ੍ਹਾਂ ਨੂੰ ਖੁਦ ਸਿੱਧਾ ਕਿਸਾਨਾਂ ਨਾਲ ਗੱਲ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਫੁਰਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ 50 ਕਿਸਾਨ ਹੁਣ ਤੱਕ ਇਸ ਸੰਘਰਸ਼ ਵਿਚ ਸ਼ਹੀਦ ਹੋ ਚੁੱਕੇ ਹਨ।