ਚੰਡੀਗੜ੍ਹ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੰਡੀਗੜ੍ਹ ਸੈਕਟਰ ਅਠੱਤੀ ਸਥਿਤ ਪਰਿਆਸ ਭਵਨ ਵਿਖੇ ਪ੍ਰੈਸ ਵਾਰਤਾ ਕਰਦਿਆਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਤਕਰੀਬਨ 39.57 ਲੱਖ ਗਰੀਬ ਅਤੇ ਕਮਜ਼ੋਰ ਪਰਿਵਾਰਾਂ ਨੂੰ ਲਾਭ ਮਿਲੇਗਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਓ.ਪੀ.ਡੀ ਬਾਬਤ ਇਲਾਜ ਹੁਣ ਪ੍ਰਾਈਵੇਟ ਹਸਪਤਾਲਾਂ 'ਚ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਕਰਵਾ ਸਕਣਗੇ। ਜਿਸ ਨਾਲ ਗਰੀਬ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਉਹ ਆਪਣਾ ਇਲਾਜ ਕਰਵਾ ਸਕਣਗੇ। ਜਿਸ ਦੇ ਲਈ ਸਰਕਾਰ ਵੱਲੋਂ ਸੱਤ ਸੌ ਅਠਤਾਲੀ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।
ਇਸ ਦੌਰਾਨ ਸਿਹਤ ਮੰਤਰੀ ਨੇ ਇਹ ਵੀ ਮੰਨਿਆ ਕਿ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਪੈਸੇ ਸਰਕਾਰੀ ਹਸਪਤਾਲ ਤਾਂ ਸਹੀ ਲੈ ਰਹੇ ਹਨ,ਪਰ ਨਿੱਜੀ ਹਸਪਤਾਲਾਂ ਵਿੱਚ ਵੱਧ ਪੈਸੇ ਲੈ ਕੇ ਲੁੱਟ ਖਸੁੱਟ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਈ ਨਿੱਜੀ ਹਸਪਤਾਲਾਂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਹਨ ਅਤੇ ਕਈਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਚਿੰਤਾ ਜ਼ਾਹਰ ਕਰਦਿਆਂ ਅਜਿਹੇ ਲੁੱਟ ਖਸੁੱਟ ਕਰਨ ਵਾਲੇ ਨਿਜੀ ਹਸਪਤਾਲਾਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਵੀ ਆਖੀ ਸੀ। ਬਲਬੀਰ ਸਿੱਧੂ ਨੇ ਕਿਹਾ ਕਿ ਹੁਣ ਸਿਹਤ ਵਿਭਾਗ ਵੱਲੋਂ ਸਰਬੱਤ ਸਿਹਤ ਬੀਮਾ ਦੇ ਲਾਭਪਾਤਰੀਆਂ ਨੂੰ ਕਵਿਡ ਦਾ ਇਲਾਜ ਕਰਵਾਉਣ ਵਿੱਚ ਵੀ ਮਦਦ ਮਿਲੇਗੀ। ਜਿਸ ਦਾ ਪੈਸਾ ਸਿੱਧਾ ਸਰਕਾਰ ਨਿੱਜੀ ਹਸਪਤਾਲਾਂ ਨੂੰ ਦੇਵੇਗਾ, ਜਿਸ ਨਾਲ ਕੋਈ ਲੁੱਟ ਖਸੁੱਟ ਵੀ ਗਰੀਬ ਨਾਲ ਨਹੀਂ ਹੋਵੇਗੀ।
ਇਸ ਦੌਰਾਨ ਜਦੋਂ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਸਵਾਲ ਕੀਤਾ ਗਿਆ ਕਿ ਰੈਮਡੀ ਸੀਵਰ ਦਵਾਈ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕਈ ਥਾਵਾਂ 'ਤੇ ਅਜਿਹੀਆਂ ਕਾਲੀਆਂ ਭੇਡਾਂ ਹੁੰਦੀਆਂ ਹਨ, ਜਿਨ੍ਹਾਂ ਖਿਲਾਫ਼ ਸਮੇਂ-ਸਮੇਂ ਤੇ ਵਿਭਾਗ ਕਾਰਵਾਈ ਕਰ ਰਿਹਾ ਹੈ।