ਚੰਡੀਗੜ੍ਹ: ਦਿੱਲੀ ਦੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਦੀ ਕੜੀ ਨੂੰ ਦਰਸਾਉਂਦੇ ਨਵੇਂ ਅੰਕੜਿਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਕੌਮੀ ਰਾਜਧਾਨੀ ਦੇ ਵਾਤਾਵਰਣ ਨੂੰ ਬਚਾਉਣ ਵਿੱਚ ਹੋਈ ਆਪਣੀ ਨਾਕਾਮੀ 'ਤੇ ਪਰਦਾ ਪਾਉਣ ਅਤੇ ਇਸ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਝੂਠ ਬੋਲਣਾ ਬੰਦ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਨਾਲ ਇਸ ਮੁੱਦੇ 'ਤੇ ਪੰਜਾਬ ਸਰਕਾਰ ਦੇ ਪੱਖ ਦੀ ਪੁਸ਼ਟੀ ਹੋਈ ਹੈ।
ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਵੱਲੋਂ ਇਹ ਆਖੇ ਜਾਣ ਤੋਂ ਕੁਝ ਘੰਟੇ ਬਾਅਦ ਕਿ ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ) ਦੇ 2.5 ਪਾਰਟੀਕਲ ਮੈਟਰ ਵਿੱਚ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦਾ ਹਿੱਸਾ ਮਹਿਜ 4 ਫੀਸਦੀ ਹੈ ਅਤੇ ਬਾਕੀ ਸਥਾਨਕ ਕਾਰਨਾਂ ਦਾ ਯੋਗਦਾਨ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਇਸ ਮੁੱਦੇ ਬਾਰੇ ਆਏ ਵਿਸਥਾਰਤ ਅਧਿਐਨ ਦੇ ਨਤੀਜਿਆਂ ਨੂੰ ਨਾ ਪ੍ਰਵਾਨ ਕਰਨ ਲਈ ਸਖਤ ਆਲੋਚਨਾ ਕੀਤੀ।
ਦਿੱਲੀ ਦੇ ਮੁੱਖ ਮੰਤਰੀ ਦੀ ਟਿੱਪਣੀ ਕਿ 'ਨਾ ਮੰਨਣ ਨਾਲ ਕੋਈ ਸਹਾਇਤਾ ਨਹੀਂ ਹੋਣੀ' ਬਾਰੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਇਹ ਕੇਜਰੀਵਾਲ ਹੈ ਜਿਸ ਨੇ ਸੱਚਾਈ ਤੋਂ ਮੁਖ ਮੋੜਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੇਜਰੀਵਾਲ ਦਿੱਲੀ ਦੇ ਸੰਕਟ ਨਾਲ ਨਜਿੱਠਣ ਲਈ ਗੰਭੀਰ ਹੈ ਤਾਂ ਉਸ ਨੂੰ ਤੁਰੰਤ ਸੱਚਾਈ ਨੂੰ ਨਾ ਮੰਨਣਾ ਛੱਡਕੇ ਢੁੱਕਵੇਂ ਹੱਲ ਲੱਭਣ ਲਈ ਤਹਿ ਤੱਕ ਜਾ ਕੇ ਕੰਮ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਅਸਲੀ ਸਥਿਤੀ ਬਾਰੇ ਦਿੱਲੀ ਵਾਸੀਆਂ ਨੂੰ ਹਨੇਰੇ ਵਿੱਚ ਰੱਖਣ ਦੇ ਆਪਣੇ ਏਜੰਡੇ ਤਹਿਤ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ, ਜਿਸ ਸਥਿਤੀ ਨਾਲ ਕਈ ਸਾਲਾਂ ਤੋਂ ਉਨ੍ਹਾਂ ਦੀ ਸਰਕਾਰ ਨਜਿੱਠਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਸਲ ਵਿੱਚ ਅਜਿਹੇ ਤੱਥ ਨਹੀਂ ਜੋ ਦਿੱਲੀ ਦੇ ਮੁੱਖ ਮੰਤਰੀ ਦੇ ਦਾਅਵਿਆਂ ਦਾ ਸਮਰਥਨ ਕਰਦੇ ਹੋਣ ਅਤੇ ਇਸ ਤੋਂ ਉਲਟ, ਅਧਿਐਨ ਦਰਸਾਉਂਦੇ ਹਨ ਕਿ ਪਰਾਲੀ ਸਾੜਨਾ ਕੌਮੀ ਰਾਜਧਾਨੀ ਦੀ ਸਮੱਸਿਆ ਦੀ ਬਹੁਤ ਹੀ ਛੋਟਾ ਵਜ੍ਹਾ ਹੈ।
ਜ਼ਿਕਰਯੋਗ ਹੈ ਕਿ ਵਿਗਿਆਨਕ ਸਿੱਖਿਆ ਅਤੇ ਖੋਜ ਬਾਰੇ ਭਾਰਤੀ ਸੰਸਥਾਨ (ਆਈ.ਆਈ.ਐਸ.ਈ.ਆਰ.) ਨੇ 2018 ਅਤੇ 2019 ਦੇ ਅੰਕੜਿਆਂ 'ਤੇ ਆਧਾਰਿਤ ਆਪਣੇ ਖੋਜ ਪੱਤਰ ਵਿੱਚ ਸਾਹਮਣੇ ਲਿਆਂਦਾ ਕਿ ਦਿੱਲੀ ਦਾ ਪ੍ਰਦੂਸ਼ਣ ਸਥਾਨਕ ਕਾਰਨਾਂ ਕਰਕੇ ਹੈ ਅਤੇ ਇਸ ਦੀ ਵਜ੍ਹਾ ਪੰਜਾਬ ਜਾਂ ਐਨ.ਸੀ.ਆਰ ਵਿਚ ਪਰਾਲੀ ਸਾੜਨਾ ਨਹੀਂ ਹੈ। ਇਸ ਨੇ ਦਰਸਾਇਆ ਕਿ ਪੰਜਾਬ ਦਾ ਹਵਾ ਗੁਣਵੱਤਾ ਸੂਚਕ (ਏ.ਕਿਊ.ਆਈ) ਦਿੱਲੀ ਨਾਲੋਂ ਬਹੁਤ ਬਿਹਤਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅਜਿਹਾ ਪੱਖ ਹੈ ਜਿਸ ਨੂੰ ਪੰਜਾਬ ਪਿਛਲੇ ਕਈ ਸਾਲਾਂ ਤੋਂ ਰੱਖ ਰਿਹਾ ਹੈ ਕਿਉਂਜੋ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਦਿੱਲੀ ਦੇ ਬੁਰੇ ਵਾਤਾਰਵਣ ਦੇ ਨੇੜੇ ਤੇੜੇ ਵੀ ਨਹੀਂ ਹੈ।