ਚੰਡੀਗੜ੍ਹ: ਫਰਾਂਸ ਤੋਂ ਭਾਰਤ ਆ ਰਹੇ 5 ਰਾਫੇਲ ਫਾਈਟਰ ਜੈੱਟ ਬੁੱਧਵਾਰ ਨੂੰ ਅੰਬਾਲਾ ਏਅਰਬੇਸ ਪਹੁੰਚਣਗੇ। ਰਾਫੇਲ ਫਾਈਟਰ ਜੈੱਟ ਨੂੰ ਰਸਮੀ ਤੌਰ 'ਤੇ 15 ਅਗਸਤ ਤੋਂ ਬਾਅਦ ਹੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਜਾਵੇਗਾ। ਭਾਰਤੀ ਹਵਾਈ ਫੌਜ ਨੇ ਰਾਫੇਲ ਦੇ ਸਵਾਗਤ ਦੀ ਪੂਰੀ ਤਿਆਰੀ ਕਰ ਲਈ ਹੈ।
ਇਸ ਤੋਂ ਇਲਾਵਾ ਅੰਬਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਪ੍ਰਬੰਧ ਪੂਰੇ ਕਰ ਲਏ ਗਏ ਹਨ। ਅੰਬਾਲਾ ਜਗਾਧਰੀ ਰੋਡ 'ਤੇ ਸਥਿਤ ਏਅਰਬੇਸ ਦੇ ਤਿੰਨ ਕਿੱਲੋ ਮੀਟਰ ਦੇ ਖੇਤਰ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਰੋਨ ਤੇ ਵੀਡੀਓਗ੍ਰਾਫੀ ਦੀ ਪਾਬੰਦੀ ਲਗਾਈ ਗਈ ਹੈ।
55 ਹਜ਼ਾਰ ਫੁੱਟ ਦੀ ਉੱਚਾਈ ਤੋਂ ਦੁਸ਼ਮਣਾਂ ਨੂੰ ਤਬਾਹ ਕਰਨ ਦੀ ਤਾਕਤ ਰੱਖਣ ਵਾਲਾ ਰਾਫੇਲ ਲੜਾਕੂ ਜਹਾਜ਼ ਨਾ ਤਾਂ ਗੁਆਂਢੀ ਮੁਲਕ ਚੀਨ ਕੋਲ ਹੈ ਤੇ ਨਾ ਹੀ ਪਾਕਿਸਤਾਨ ਕੋਲ। ਇਸ ਨਾਲ ਸਰਹੱਦ ਤੇ ਵੱਧ ਰਹੇ ਤਣਾਅ ਨੂੰ ਵੀ ਘਟਾਉਣ ਵਿੱਚ ਰਾਫੇਲ ਜਹਾਜ਼ ਅਹਿਮ ਭੂਮਿਕਾ ਨਿਭਾਅ ਨਿਭਾ ਸਕਣਗੇ।
ਹਵਾਈ ਫੌਜ ਦੀ 17ਵੀਂ ਗੋਲਡਨ ਏਰੋ ਸਕੁਆਰਡਨ ਦੇ ਕਮਾਂਡਰ ਅਫਸਰ ਤੇ ਸ਼ੌਰਿਆ ਚੱਕਰ ਜੇਤੂ ਗਰੁੱਪ ਕੈਪਟਨ ਹਰਕੀਰਤ ਸਿੰਘ ਰਾਫੇਲ ਲੜਾਕੂ ਜਹਾਜ਼ ਨੂੰ ਲੈਂਡ ਕਰਵਾਉਣਗੇ। ਇਨ੍ਹਾਂ ਦੀ ਅਗਵਾਈ ਹਵਾਈ ਫੌਜ ਮੁਖੀ ਆਰਕੇਐੱਸ ਭਦੌਰਿਆ ਸਣੇ ਵੈਸਟਰਨ ਏਅਰ ਕਮਾਂਡ ਦੇ ਅਧਿਕਾਰੀ ਕਰਨਗੇ, ਜੋ ਕਿ ਅੰਬਾਲਾ ਏਅਰ ਫੋਰਸ ਸਟੇਸ਼ਨ 'ਤੇ ਮੌਜੂਦ ਰਹਿਣਗੇ।