ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 28 ਫਰਵਰੀ ਨੂੰ ਬਜਟ ਪੇਸ਼ ਕੀਤਾ ਸੀ ਜਿਸ 'ਚ ਉਨ੍ਹਾਂ ਨੇ ਖ਼ਜ਼ਾਨੇ ਦੀ ਸਿਹਤ 'ਚ ਸੁਧਾਰ ਕਰਨ ਦਾ ਦਾਅਵਾ ਕੀਤਾ ਸੀ। ਜਦ ਕਿ ਖ਼ਜ਼ਾਨੇ ਦੀ ਮਾੜੀ ਸਿਹਤ ਦਾ ਅਸਰ ਕੈਂਸਰ ਮਰੀਜ਼ਾਂ 'ਤੇ ਪੈ ਰਿਹਾ ਹੈ। ਸਿਹਤ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਜੁਲਾਈ 2011 ਤੋਂ ਜਨਵਰੀ 2020 ਤੱਕ ਪੰਜਾਬ 'ਚ ਕੁੱਲ 61,211 ਕੈਂਸਰ ਮਰੀਜ਼ਾਂ ਦੀ ਪਛਾਣ ਹੋਈ ਹੈ।
ਪਿਛਲੇ ਸਾਲ 4 ਫਰਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ਵ ਕੈਂਸਰ ਦਿਵਸ 'ਤੇ ਟਵੀਟ ਕੀਤਾ ਗਿਆ ਸੀ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਕੈਂਸਰ ਨਾਲ ਲੜਨ ਲਈ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ। ਬਕਾਇਦਾ ਉਨ੍ਹਾਂ ਨੇ ਸੰਗਰੂਰ, ਮੁੱਲਾਂਪੁਰ, ਫਾਜ਼ਿਲਕਾ, ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਕੈਂਸਰ ਹਸਪਤਾਲ ਬਣਾਉਣ ਦਾ ਦਾਅਵਾ ਕੀਤਾ ਸੀ।
ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾ ਦੇ ਤਹਿਤ 1.50 ਲੱਖ ਦੀ ਵਿੱਤੀ ਸਹਾਇਤਾ ਮਰੀਜ਼ਾਂ ਨੂੰ ਦੇਣੀ ਸੀ ਪਰ ਮੁੱਖ ਮੰਤਰੀ ਵੱਲੋਂ 574 ਕਰੋੜ ਦਾ ਵੀ ਭੁਗਤਾਨ ਨਹੀਂ ਹੋ ਸਕਿਆ। ਇਹ ਗੱਲ ਵੱਖਰੀ ਹੈ ਕਿ ਸਰਕਾਰ ਸਿਹਤ ਸਹੂਲਤਾਂ 'ਚ ਸੁਧਾਰ ਕਰਨ ਦਾ ਸੋਚ ਰਹੀ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਦੱਸਦੀ ਹੈ। ਪੰਜਾਬ ਦਾ ਕੋਈ ਵੀ ਜ਼ਿਲ੍ਹਾ ਹੁਣ ਕੈਂਸਰ ਮੁਕਤ ਨਹੀਂ ਹੈ।
ਇਹ ਵੀ ਪੜ੍ਹੋ:ਨਿਰਭਿਆ ਕੇਸ: ਦੋਸੀ ਪਵਨ ਗੁਪਤਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
ਪਿਛਲੇ ਦਿਨੀਂ ਵਿਧਾਨ ਸਭਾ 'ਚ ਕੈਂਸਰ ਰੋਗੀਆਂ ਦਾ ਸੰਗਰੂਰ ਦੇ ਹੋਮੀ ਭਾਭਾ ਕੈਂਸਰ ਹਸਪਤਾਲ 'ਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਗਏ ਕਾਰਡਾਂ ਅਧੀਨ ਮਰੀਜ਼ਾਂ ਦਾ ਇਲਾਜ ਨਾ ਹੋਣ ਦਾ ਮੁੱਦਾ ਚੁੱਕਿਆ ਗਿਆ ਸੀ। ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਦਨ 'ਚ ਦੱਸਿਆ ਕਿ ਪਹਿਲਾਂ ਉਕਤ ਹਸਪਤਾਲ ਨਾਲ ਸਮਝੌਤਾ ਨਹੀਂ ਹੋਇਆ ਸੀ ਹੁਣ ਸਮਝੌਤਾ ਹੋ ਗਿਆ ਹੈ। ਹੁਣ ਹਸਪਤਾਲ 'ਚ ਸਰਬੱਤ ਬੀਮਾ ਯੋਜਨਾ ਤਹਿਤ ਬਣੇ ਕਾਰਡਾਂ ਨੂੰ ਸਵੀਕਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਯੋਜਨਾ ਦੇ ਤਹਿਤ ਹੁਣ ਤੱਕ 39.41 ਲੱਖ ਦੇ ਕਰੀਬ ਕਾਰਡ ਬਣਾਏ ਗਏ ਹਨ। ਜਿਨ੍ਹਾਂ ਨੂੰ 5 ਲੱਖ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਯੋਜਨਾ 'ਚ ਕੈਂਸਰ ਮਰੀਜ਼ਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।