ਚੰਡੀਗੜ੍ਹ: 2022 ਦੀਆਂ ਚੋਣਾਂ ਨੂੰ ਕੁਝ ਹੀ ਸਮਾਂ ਰਹਿ ਚੁੱਕਿਆ ਹੈ। ਉਸ ਤੋਂ ਪਹਿਲਾਂ ਪੰਜਾਬ ਸਰਕਾਰ ਚ ਕਾਫੀ ਤਬਦੀਲੀਆਂ ਹੋਈ। ਮੁੱਖ ਮੰਤਰੀ ਤੋਂ ਲੈ ਕੇ ਕੈਬਨਿਟ ਮੰਤਰੀਆਂ ਤੱਕ ਨੂੰ ਬਦਲਿਆ ਗਿਆ। ਮੰਤਰੀ ਮੰਡਲ ਦੇ ਵਿਸਤਾਰ ਤੋਂ ਬਾਅਦ ਪਹਿਲੀ ਕੈਬਨਿਟ ਤੋਂ ਉਮੀਦ ਸੀ ਕਿ ਕੁਝ ਵੱਡੇ ਫੈਸਲੇ ਲਏ ਜਾਣਗੇ। ਪਰ ਵਾਰ ਵਾਰ ਇਹੀ ਕਿਹਾ ਜਾ ਰਿਹਾ ਸੀ ਕਿ ਜੋ ਵੀ ਪੰਜਾਬ ਦੇ ਅਹਿਮ ਮੁੱਦੇ ਹੋਣਗੇ ਉਨ੍ਹਾਂ ਤੇ ਚਰਚਾ ਕੀਤੀ ਜਾਵੇਗੀ। ਪਰ ਅੱਜ ਦੀ ਬੈਠਕ ’ਚ ਕੁਝ ਖਾਸ ਨਹੀਂ ਹੋਇਆ ਸਿਰਫ ਕਿਸਾਨਾਂ ਦੇ ਮੁੱਦਿਆ ਨੂੰ ਲੈ ਕੇ ਚਰਚਾ ਹੋਈ।
ਇਸ ਬੈਠਕ ਦੌਰਾਨ ਜਿੱਥੇ ਸਰਕਾਰ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹੈ ਉੱਥੇ ਹੀ ਉਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਮੁੜ ਤੋਂ ਅਪੀਲ ਕੀਤੀ ਜਾਵੇਗੀ ਕਿ ਜੋ ਵੀ ਗੱਲਬਾਤ ਰੁਕੀ ਹੋਈ ਉਹ ਮੁੜ ਤੋਂ ਸ਼ੁਰੂ ਕੀਤੀ ਜਾਵੇ। ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਵਾਰ ਵਾਰ ਇਹੀ ਦੁਹਰਾਇਆ ਜਾ ਰਿਹਾ ਹੈ ਕਿ ਉਹ ਆਮ ਜਨਤਾ ਦੀ ਸਰਕਾਰ ਹੈ। ਪੰਜਾਬੀਆਂ ਦੀ ਸਰਕਾਰ ਹੈ ਪਰ ਇਸ ਤੇ ਵੀ ਕਈ ਸਵਾਲ ਉੱਠਦੇ ਹਨ ਕਿ ਜੇਕਰ ਆਮ ਆਦਮੀ ਦੀ ਸਰਕਾਰ ਹੈ ਤਾਂ ਫੈਸਲੇ ਕਿਉਂ ਨਹੀਂ ਲਏ ਜਾ ਰਹੇ ਹਨ ਕਿਉਂਕਿ ਕੁਝ ਏਜੰਡੇ ਅੱਜ ਦੀ ਬੈਠਕ ਚ ਚੁੱਕੇ ਜਾ ਸਕਦੇ ਸੀ ਪਰ ਅਜਿਹਾ ਕੁਝ ਨਹੀਂ ਹੋਇਆ।
ਕਿਸਾਨਾਂ ਦੇ ਮੁੱਦੇ ’ਤੇ ਕੀਤੀ ਗਈ ਚਰਚਾ
ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੈਬਨਿਟ ’ਚ ਸਿਰਫ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਕੀਤੀ ਗਈ। ਨਾਲ ਹੀ ਇਹ ਵੀ ਚਰਚਾ ਕੀਤੀ ਗਈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਜਾਵੇ ਕਿ ਮੁੜ ਤੋਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਕੀਤਾ ਗਿਆ।
ਕਿਸਾਨਾਂ ਦੇ ਹੱਕੀ ਆਵਾਜ ਚੁੱਕੇਗੀ ਪੰਜਾਬ ਸਰਕਾਰ
ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਿਸਾਨਾਂ ਨਾਲ ਪੰਜਾਬ ਸਰਕਾਰ ਗੱਲ ਕਰੇਗੀ ਕਿਸਾਨਾਂ ਨੂੰ ਸਰਕਾਰ ਨਾਲ ਕੀ ਉਮੀਦ ਹੈ ਉਹ ਕੀ ਚਾਹੁੰਦੀ ਹੈ। ਇਸ ਨੂੰ ਲੈ ਕੇ ਉਹ ਸੜਕ ਤੋਂ ਲੈ ਕੇ ਸੰਸਦ ਤੱਕ ਉਨ੍ਹਾਂ ਦੇ ਲਈ ਲੜਣਗੇ। ਜੇਕਰ ਉਹ ਚਾਹੁੰਣਗੇ ਤਾਂ ਕਾਨੂੰਨ ਦਾ ਦਰਵਾਜਾ ਖੜਕਾਇਆ ਜਾਵੇਗਾ। ਉਹ ਕਿਸਾਨਾਂ ਨਾਲ ਮਿਲ ਕੇ ਉਨ੍ਹਾਂ ਲਈ ਕੰਮ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਹ ਵਿਧਾਨਸਭਾ ਦੇ ਅੰਦਰ ਕੋਈ ਸੋਧ ਬਿਲ ਦੁਬਾਰਾ ਲੈ ਕੇ ਆਉਣਾ ਚਾਹੁੰਦੇ ਹਨ ਤਾਂ ਉਹ ਵੀ ਸਰਕਾਰ ਲੈ ਕੇ ਆਵੇਗੀ।
ਇਹ ਵੀ ਪੜੋ: ਪੰਜਾਬ ਕੈਬਨਿਟ ਮੀਟਿੰਗ ਖਤਮ, ਕੈਬਨਿਟ ਮੰਤਰੀਆਂ ਨੇ ਕੀਤਾ ਕਿਸਾਨਾਂ ਦਾ ਸਮਰਥਨ