ਚੰਡੀਗੜ੍ਹ:ਪੰਜਾਬ ਸਰਕਾਰ ਦੇ ਮੰਤਰੀ ਨਵਾਂ ਸਾਲ ਚੜ੍ਹਦੇ ਹੀ ਆਪਣੇ ਵਿਭਾਗਾਂ ਦੀਆਂ ਉਪਲੱਬਧੀਆਂ ਗਿਣਾਉਣ ਲਈ ਹਰ ਰੋਜ਼ ਪ੍ਰੈਸ ਕਾਨਫ਼ਰੰਸ ਕਰ ਰਹੇ ਹਨ। ਇਸੇ ਕੜੀ 'ਚ ਸੋਮਵਾਰ ਨੂੰ ਵੀ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਰੱਖੀ।
ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਅਫ਼ਸਰਾਂ ਵੱਲੋਂ ਪਹਿਲਾਂ ਹੀ ਲਿਖੀਆਂ ਗਈਆਂ ਉਪਲੱਬਧੀਆਂ ਦੱਸਿਆ। ਇਸ ਦੌਰਾਨ ਬਿਨਾਂ ਤਿਆਰੀ ਤੋਂ ਪ੍ਰੈਸ ਕਾਨਫ਼ਰੰਸ ਕਰਨ ਪੁੱਜੇ ਸਾਧੂ ਸਿੰਘ ਧਰਮਸੋਤ ਵਜ਼ੀਫ਼ਾ ਘੁਟਾਲੇ ਸਬੰਧੀ ਪੁੱਛੇ ਗਏ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆਏ।
ਵਜ਼ੀਫ਼ੇ ਘੁਟਾਲੇ ਨੂੰ ਲੈ ਕੇ ਸਾਧੂ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਸੀਬੀਆਈ ਜਾਂਚ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਉੱਤੇ ਪੂਰਾ ਭਰੋਸਾ ਹੈ।
ਇਸਤੋਂ ਇਲਾਵਾ ਕੈਬਿਨੇਟ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਅਰਸੇ ਦੌਰਾਨ ਜੰਗਲਾਤ ਦਾ 18946 ਏਕੜ ਖੇਤਰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ। ਸੂਬੇ ਦੇ ਜੰਗਲਾਤ ਅਧੀਨ ਖੇਤਰ 'ਚ 2872 ਏਕੜ ਦਾ ਵਾਧਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਸੱਤਾ ਸੰਭਾਲਣ ਮਗਰੋਂ ਲਗਪਗ 14165.08 ਹੈਕਟੇਅਰ ਰਕਬੇ 'ਤੇ ਨਵੇਂ ਬੂਟੇ ਲਗਾਏ ਗਏ ਹਨ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਹਰਿਆਲੀ ਸਕੀਮ ਤਹਿਤ ਲੋਕਾਂ ਨੂੰ ਹੁਣ ਤੱਕ ਇੱਕ ਕਰੋੜ ਬੂਟੇ ਵਿਭਾਗੀ ਨਰਸਰੀਆਂ ਵਿੱਚ ਮੁਫ਼ਤ ਮੁਹੱਈਆ ਕਰਵਾਏ ਗਏ ਹਨ।