ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਯੂਨੀਅਨ ਬਜਟ 2020 ਨੂੰ ਕਿਸਾਨੀ ਪੱਖੀ ਅਤੇ ਗਰੀਬ ਪੱਖੀ ਦੱਸਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਕਿਹਾ ਕਿ ਆਮਦਨ ਟੈਕਸ ਵਿੱਚ ਕਮੀ ਆਉਣ ਨਾਲ ਆਮ ਆਦਮੀ ਨੂੰ ਫਾਇਦਾ ਹੋਏਗਾ। ਉਨ੍ਹਾਂ ਕਿਹਾ ਕਿ ਯਕੀਨੀ ਤੌਰ 'ਤੇ ਬਜਟ 2020 ਵਿਕਾਸ ਦਰ ਨੂੰ ਉੱਚਾ ਚੁੱਕਣ 'ਚ ਕਾਮਯਾਬ ਰਹੇਗਾ। ਉਨ੍ਹਾਂ ਕਿਹਾ ਕਿ ਡਿਜੀਟਾਈਜ਼ੇਸ਼ਨ, ਬੁਨਿਆਦੀ ਢਾਂਚੇ ਅਤੇ ਇੰਡਸਟਰੀ ਨੂੰ ਹੁਲਾਰਾ ਦੇ ਕੇ ਉੱਚੀ ਜੀਡੀਪੀ ਹਾਸਲ ਕਰਨ ਲਈ ਜ਼ਮੀਨ ਤਿਆਰ ਕਰ ਦਿੱਤੀ ਗਈੇ ਹੈ।
ਬਾਦਲ ਨੇ ਖੇਤੀਬਾੜੀ ਸੈਕਟਰ ਲਈ 15 ਲੱਖ ਕਰੋੜ ਰੁਪਏ ਰੱਖੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ 20 ਲੱਖ ਸੋਲਰ ਪੰਪਾਂ ਉੱਤੇ ਸਬਸਿਡੀ ਦੇ ਕੇ ਸਰਕਾਰ ਦੇ ਸੂਰਜੀ ਊਰਜਾ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਦੇ ਫੈਸਲੇ ਨਾਲ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖ਼ਰਾਬ ਹੋਣ ਯੋਗ ਵਸਤਾਂ ਦੀ ਜਲਦੀ ਢੋ-ਢੁਆਈ ਲਈ ਪੀਪੀਪੀ ਵਿਧੀ ਜ਼ਰੀਏ ਕਿਸਾਨ ਰੇਲ ਸਥਾਪਤ ਕਰਨ ਅਤੇ ਖੇਤੀ ਵਸਤਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਡੀਆਂ ਵਿੱਚ ਪਹੁੰਚਾਉਣ ਲਈ ਕ੍ਰਿਸ਼ੀ ਉਡਾਣ ਕਾਇਮ ਕਰਨ ਦੇ ਫੈਸਲੇ ਨਾਲ ਪੰਜਾਬ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਨੂੰ ਵੱਡਾ ਹੁਲਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 6 ਕਰੋੜ ਕਿਸਾਨਾਂ ਨੂੰ ਦਿੱਤੀ ਬੀਮੇ ਦੀ ਸਹੂਲਤ ਵੀ ਇੱਕ ਬਹੁਤ ਹੀ ਅਹਿਮ ਕਦਮ ਹੈ, ਜਿਹੜਾ ਕਿ ਕਿਸਾਨਾਂ ਦੀ ਕੁਦਰਤੀ ਆਫਤਾਂ ਤੋਂ ਰਾਖੀ ਕਰੇਗਾ। ਉਨ੍ਹਾਂ ਨੇ ਮੱਛੀ ਪਾਲਣ ਅਤੇ ਸਤੁੰਲਤ ਖਾਦਾਂ ਦੀ ਵਰਤੋਂ ਲਈ ਦਿੱਤੀਆਂ ਸਹੂਲਤਾਂ ਦੀ ਵੀ ਸ਼ਲਾਘਾ ਕੀਤੀ।
ਬਾਦਲ ਨੇ ਕਿਹਾ ਕਿ ਟੈਕਸ ਪ੍ਰਬੰਧ ਦੀ ਕੀਤੇ ਸਰਲੀਕਰਨ ਨਾਲ ਆਮ ਆਦਮੀ ਨੂੰ ਭਾਰੀ ਲਾਭ ਹੋਵੇਗਾ। ਉਹਨਾਂ ਕਿਹਾ ਕਿ 10 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਾਲਿਆਂ ਨੂੰ ਹੁਣ ਸਿਰਫ਼ 62 ਹਜ਼ਾਰ ਰੁਪਏ ਇਨਕਮ ਟੈਕਸ ਦੇਣਾ ਪਵੇਗਾ, ਇਸ ਨਾਲ ਪਿਛਲੇ ਟੈਕਸ ਪ੍ਰਬੰਧ ਦੇ ਮੁਕਾਬਲੇ 37,500 ਰੁਪਏ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਘਟਾਈਆਂ ਜੀਐਸਟੀ ਦਰਾਂ ਕਰਕੇ ਹੁਣ ਔਸਤ ਘਰ ਨੂੰ ਮਹੀਨਾਵਰ ਖਰਚਿਆਂ ਵਿੱਚ 4 ਫੀਸਦੀ ਬਚਤ ਹੋਵੇਗੀ।
ਉਨ੍ਹਾਂ ਕਿਹਾ ਕਿ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਵਾਸਤੇ 3.6 ਕਰੋੜ ਰੁਪਏ ਰਾਂਖਵੇ ਰੱਖਣਾ ਇੱਕ ਬਹੁਤ ਵੱਡਾ ਗਰੀਬ-ਪੱਖੀ ਕਦਮ ਹੈ। ਅਕਾਲੀ ਦਲ ਪ੍ਰਧਾਨ ਨੇ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੀ ਭਲਾਈ ਲਈ 85 ਹਜ਼ਾਰ ਕਰੋੜ ਰੁਪਏ ਰੱਖੇ ਜਾਣ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਦਯੋਗ ਅਤੇ ਵਪਾਰ ਦੇ ਵਿਕਾਸ ਲਈ 27,300 ਕਰੋੜ ਰੁਪਏ ਅਤੇ ਰਾਸ਼ਟਰੀ ਟੈਕਸਟਾਇਲ ਮਿਸ਼ਨ ਸ਼ੁਰੂ ਕਰਨ ਲਈ 1,480 ਕਰੋੜ ਰੁਪਏ ਰਾਂਖਵੇ ਰੱਖੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਲਏ ਪੰਜ ਲੱਖ ਤੋਂ ਵੱਧ ਛੋਟੇ ਕਾਰੋਬਾਰਾਂ ਨੂੰ ਰਿਆਇਤੀ ਕਰਜ਼ੇ ਦੇਣ ਦੇ ਫੈਸਲੇ ਨਾਲ ਛੋਟੀਆਂ ਇਕਾਈਆਂ ਨੂੰ ਮੁੜ ਪੈਰਾਂ ਉੱਤੇ ਖੜ੍ਹੇ ਕਰਨ ਵਿੱਚ ਮੱਦਦ ਮਿਲੇਗੀ। ਸਰਦਾਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਪੇਂਡੂ ਸੈਕਟਰ ਅੰਦਰ ਲਿਆਂਦੀ ਜਾ ਰਹੀ ਡਿਜੀਟਲ ਕ੍ਰਾਂਤੀ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇੱਕ ਲੱਖ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਦੀ ਸਹੂਲਤ ਦੇਣ ਦੇ ਫੈਸਲਾ ਪਿੰਡਾਂ ਦਾ ਡਿਜੀਟਾਈਜੇਸ਼ਨ ਕਰ ਦੇਵੇਗਾ ਅਤੇ ਇਸ ਦਾ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਨਵੇਂ ਆਰਥਿਕ ਲਾਂਘੇ ਬਣਾ ਕੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ, ਇਸਤਰੀਆਂ ਨਾਲ ਸਬੰਧਿਤ ਪ੍ਰੋਗਰਾਮਾਂ ਲਈ 28,600 ਕਰੋੜ ਰੁਪਏ ਰਾਂਖਵੇਂ ਰੱਖਣਾ, ਸਰਕਾਰੀ ਕੰਮ ਕਾਜ ਨੂੰ ਪਾਰਦਰਸ਼ੀ ਬਣਾਉਣਾ ਅਤੇ ਹਵਾ ਪ੍ਰਦੂਸ਼ਣ ਨੂੰ ਨਕੇਲ ਪਾਉਣ ਲਈ ਫੰਡ ਰਾਂਖਵੇਂ ਰੱਖਣਾ ਆਦਿ ਬਹੁਤ ਹੀ ਸ਼ਲਾਘਾਯੋਗ ਕਦਮ ਹਨ।