ਚੰਡੀਗੜ੍ਹ: ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਹਾਲੇ ਵੀ ਲੋਕ ਨਹੀਂ ਭੁੱਲੇ ਹਨ। ਪੰਜਾਬ ਯੂਨੀਵਰਸਿਟੀ ਦੇ ਵਿੱਚ ਗੁਰਦਾਸ ਮਾਨ ਦਾ ਪ੍ਰੋਗਰਾਮ ਕਰਵਾਇਆ ਜਾਣਾ ਹੈ ਪਰ ਉਸ ਤੋਂ ਪਹਿਲਾਂ ਹੀ ਉਸ ਦੇ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
'ਅਕਾਦਮਿਕ ਫੋਰਮ ਆਫ਼ ਸਿੱਖ ਸਟੂਡੈਂਟਸ' (ਏਐਫਐਸਐਸ) ਵੱਲੋਂ ਇਸ ਪ੍ਰੋਗਰਾਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਹੈ, ਇਸ ਦੇ ਚੱਲਦੇ ਏਐਫਐਸਐਸ ਦੇ ਵਿਦਿਆਰਥੀਆਂ ਨੇ ਹੱਥ ਵਿੱਚ ਪੋਸਟਰ ਲੈ ਕੇ ਲੋਕਾਂ ਨੂੰ ਇਸ ਸ਼ੋਅ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਇਸ ਬਾਰੇ ਗੱਲ ਕਰਦੇ ਹੋਏ ਏਐਫਐਸਐਸ ਦੇ ਬੁਲਾਰੇ ਪਰਮਵੀਰ ਸਿੰਘ ਨੇ ਦੱਸਿਆ ਕਿ ਗੁਰਦਾਸ ਮਾਨ ਵੱਲੋਂ ਪੰਜਾਬ ਨੂੰ ਕਦੇ ਵੀ ਸਕਾਰਾਤਮਕ ਨਹੀਂ ਦਰਸਾਇਆ ਗਿਆ, ਉਨ੍ਹਾਂ ਦਾ ਇੱਕ ਗਾਣਾ 'ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ' ਨਸ਼ਿਆਂ ਨੂੰ ਵਧਾਵਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਵਿੱਚ ਕੌਂਸਲ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਨੌਜਵਾਨਾਂ 'ਚ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਇਸ ਪ੍ਰੋਗਰਾਮ ਵਿੱਚ ਅਜਿਹੇ ਗਾਇਕ ਨੂੰ ਬੁਲਾਇਆ ਜਾਵੇਗਾ ਜੋ ਕਿ ਪੰਜਾਬੀ ਭਾਸ਼ਾ ਨੂੰ ਵੀ ਮੰਦਾ ਆਖਦਾ ਹੈ ਅਤੇ ਸ਼ਰਾਬ ਨੂੰ ਵਧਾਵਾ ਦਿੰਦਾ ਹੈ ਤਾਂ ਇਸ ਦਾ ਵਿਦਿਆਰਥੀਆਂ 'ਤੇ ਬੁਰਾ ਪ੍ਰਭਾਵ ਪਵੇਗਾ। ਇਸ ਕਰਕੇ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਗੁਰਦਾਸ ਮਾਨ ਦਾ ਸ਼ੋਅ ਯੂਨੀਵਰਸਿਟੀ ਦੇ ਵਿੱਚ ਨਾ ਹੋਣ ਦਿੱਤਾ ਜਾਏ ਅਤੇ ਵਿਦਿਆਰਥੀ ਵੀ ਇਸ ਪ੍ਰੋਗਰਾਮ ਦਾ ਬਾਈਕਾਟ ਕਰਨ।