ਚੰਡੀਗੜ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ ਹੈ। ਇਸੇ ਅੰਦੋਲਨ ਵਿੱਚ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਲੰਘਣ ਦੀ ਖੁੱਲ੍ਹ ਦਿੱਤੀ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਸਵਾਰੀ ਗੱਡੀਆਂ ਦੀ ਅਵਾਜ਼ਾਈ ਯਕੀਨੀ ਬਣਾਉਣ ਤੱਕ ਮਾਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਸੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਨਿੱਜੀ ਥਰਮਲਾਂ ਨੂੰ ਜਾਂਦੀ ਕੋਲੇ ਦੀ ਸਪਲਾਈ ਨੂੰ ਰੋਕਿਆ ਹੋਇਆ ਹੈ। ਇਸ ਮਾਮਲੇ ਦੇ ਹੱਲ ਲਈ ਪੰਜਾਬ ਸਰਕਾਰ ਦੀ ਤਿੰਨ ਕੈਬਿਨੇਟ ਵਜ਼ੀਰਾਂ ਦੀ ਕਮੇਟੀ ਨੇ ਉਗਰਾਹਾਂ ਜਥੇਬੰਦੀ ਨਾਲ ਪੰਜਾਬ ਭਵਨ ਵਿੱਚ ਇੱਕ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਬੀਕੇਯੂ (ਉਗਰਾਹਾਂ) ਦੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਈਟੀਵੀ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਜ਼ੀਰਾਂ ਨੇ ਜਥੇਬੰਦੀ ਨੂੰ ਕਿਹਾ ਕਿ ਕੇਂਦਰ ਸਰਕਾਰ ਰੇਲ ਆਵਾਜ਼ਾਈ ਵਿੱਚ ਰੁਕਾਵਟ ਦਾ ਹਵਾਲਾ ਦੇ ਕੇ ਬਾਕੀ ਰੇਲ ਆਵਾਜ਼ਾਈ ਰੋਕੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਹੀ ਸਵਾਲ ਕੀਤਾ ਕੇ ਸਾਨੂੰ ਕਿਤੇ ਵੀ ਦਿਖਾਓ ਕਿ ਕਿਸਾਨਾਂ ਨੇ ਰੇਲ ਪੱਟੜੀਆਂ ਨੂੰ ਰੋਕਿਆ ਹੈ।
ਕੋਕਰੀ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਸਿਰਫ਼ ਦੋ ਨਿੱਜੀ ਥਰਮਲ ਪਲਾਂਟਾਂ ਨੂੰ ਜਾਣ ਵਾਲੇ ਕੋਲੇ ਦੀਆਂ ਮਾਲ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ। ਇਸੇ ਕਾਰਨ ਮੋਦੀ ਸਰਕਾਰ ਆਪਣੇ ਚਹੇਤਿਆਂ ਨੂੰ ਹੋ ਰਹੇ ਨੁਕਸਾਨ ਕਾਰਨ ਬੁਖਲਾਹਟ ਵਿੱਚ ਇਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਅਤੇ ਬਾਕੀ ਕਿਸਾਨ ਜਥੇਬੰਦੀਆਂ ਨੇ ਕਿਤੇ ਵੀ ਰੇਲ ਪੱਟੜੀਆਂ ਨੂੰ ਨਹੀਂ ਰੋਕਿਆ।
ਸੂਬੇ 'ਚ ਵਪਾਰੀਆਂ ਵੱਲੋਂ ਤਿਉਹਾਰਾਂ ਮੌਕੇ ਕਥਿਤ ਤੌਰ ਵਧਾਏ ਜਾਣ ਵਾਲੀ ਮਹਿੰਗਾਈ 'ਤੇ ਤੰਜ ਕੱਸਦਿਆਂ ਕੋਕਰੀ ਕਲਾਂ ਨੇ ਇਹ ਵੀ ਕਿਹਾ ਕਿ ਵਪਾਰੀ ਹੀ ਸਰਕਾਰਾਂ ਚਲਾਉਣ ਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਤਿਉਹਾਰਾਂ ਵੇਲੇ ਵਪਾਰੀ ਮਹਿੰਗਾਈ ਵਧਾਉਂਦੇ ਹਨ 'ਤੇ ਇਸ ਵਾਰ ਦਸਹਿਰੇ 'ਤੇ ਵੀ ਪੰਜਾਬ ਦੇ ਲੋਕਾਂ ਨੇ ਕੋਈ ਖਰੀਦਦਾਰੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ, ਮਜ਼ਦੂਰ ਅਤੇ ਵਪਾਰੀ ਵੀ ਹੁਣ ਕਿਸਾਨਾਂ ਦੇ ਹੱਕ 'ਚ ਡਟ ਰਹੇ ਹਨ ਤੇ ਇਹ ਕਹਿ ਰਹੇ ਨੇ ਕਿ ਇਸ ਵਾਰ ਉਨ੍ਹਾਂ ਦੀ ਦੀਵਾਲੀ ਕਾਲੀ ਵੀ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਕਿਸਾਨਾਂ ਦੇ ਸੰਘਰਸ਼ ਵਿੱਚ ਉਹ ਸਾਥ ਦੇਣਗੇ।
ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਣ ਦੇ ਖ਼ਿਲਾਫ਼ ਪੰਜ ਸਾਲ ਦੀ ਕੈਦ ਤੇ ਇੱਕ ਕਰੋੜ ਦਾ ਜੁਰਮਾਨਾ ਲਗਾਉਣ ਵਾਲੇ ਕਾਨੂੰਨ ਨੂੰ ਸੁਖਦੇਵ ਸਿੰਘ ਭਾਜਪਾ ਦਾ ਕਿਸਾਨ ਵਿਰੋਧੀ ਕਦਮ ਦੱਸਦਿਆਂ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਾਨੂੰਨਾਂ ਨੂੰ ਕਿਸਾਨ ਪੈਰਾਂ ਦੇ ਵਿੱਚ ਰੌਲ ਕੇ ਰੱਖ ਦੇਣਗੇ। ਸਰਕਾਰ ਭਾਂਵੇ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦੇਵੇ ਪਰ ਕਿਸਾਨ ਪਿੱਛੇ ਨਹੀਂ ਹਟਣਗੇ।