ਜਲੰਧਰ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਜੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸਬੰਧੀ 6 ਫਰਵਰੀ ਨੂੰ ਏਡੀਜੀ ਸੀਆਈਡੀ ਵੱਲੋਂ ਰੋਹਤਕ ਰੇਂਜ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਸੀ। ਜਿਸ ’ਚ ਰਾਮ ਰਹੀਮ ਨੂੰ ਖਾਲਿਸਤਾਨੀ ਸਮਰਥਕਾਂ ਤੋਂ ਖਤਰਾ ਦੱਸਿਆ ਹੈ। ਉੱਥੇ ਹੀ ਇਸ ਮਾਮਲੇ ’ਤੇ ਹੁਣ ਸਿਆਸੀ ਬਿਆਨਬਾਜ਼ੀ ਵੀ ਸਾਹਮਣੇ ਆਉਣ ਲੱਗ ਗਈ ਹੈ।
ਦੱਸ ਦਈਏ ਕਿ ਰਾਮ ਰਹੀਮ ਨੂੰ ਮਿਲੀ ਜੈੱਡ ਪਲੱਸ ਸੁਰੱਖਿਆ ’ਤੇ ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਸਰਕਾਰ ਦੇ ਫੈਸਲੇ ਹੁੰਦੇ ਹਨ। ਜਦੋ ਕਿਸੇ ਨੂੰ ਜਾਨ ਦਾ ਖਤਰਾ ਹੁੰਦਾ ਹੈ ਤਾਂ ਉਸ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਇਹ ਸਰਕਾਰ ਦੇ ਪੈਰਾਮੀਟਰ ਹੁੰਦੇ ਹਨ ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਰੁਟੀਨ ਮਾਮਲਾ ਹੈ। ਇਹ ਸੁਰੱਖਿਆ ਉਸਨੂੰ ਦਿੱਤੀ ਜਾਂਦੀ ਹੈ ਜਿਸਨੂੰ ਜਾਨ ਦਾ ਖਤਰਾ ਹੁੰਦਾ ਹੈ।
ਰਾਮ ਰਹੀਮ ਨੂੰ ਜੈੱਡ ਪਲੱਸ ਸੁਰੱਖਿਆ
ਰਾਮ ਰਹੀਮ ਨੂੰ ਹੁਣ ਖਾਲਿਸਤਾਨੀ ਸਮੱਰਥਕਾ ਤੋਂ ਖਤਰਾ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਗੁਰਮੀਤ ਰਾਮ ਰਹੀਮ ਨੂੰ ਹੁਣ ਜ਼ੈੱਡ ਪਲੱਸ ਸੁਰੱਖਿਆ 'ਚ ਰੱਖਿਆ ਜਾਵੇਗਾ। ਇਸ ਸਬੰਧੀ ਏਡੀਜੀ ਸੀਆਈਡੀ ਵੱਲੋਂ ਰੋਹਤਕ ਰੇਂਜ ਕਮਿਸ਼ਨਰ ਨੂੰ 6 ਫਰਵਰੀ ਨੂੰ ਪੱਤਰ ਲਿਖਿਆ ਗਿਆ ਸੀ। ਜਿਸ ’ਚ ਜੈੱਡ ਪਲੱਸ ਸੁਰੱਖਿਆ ਦਾ ਜ਼ਿਕਰ ਕੀਤਾ ਗਿਆ ਹੈ। ਨਾਲ ਹੀ ਪੱਤਰ ਚ ਇੰਟੇਲ ਏਜੰਸੀ ਦੀ ਇਨਪੁੱਟਸ ਦਾ ਵੀ ਹਵਾਲਾ ਦਿੱਤਾ ਗਿਆ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਤੋਂ ਇਨਪੁਟ ਮਿਲੇ ਹਨ ਕਿ ਰਾਮ ਰਹੀਮ ਨੂੰ ਖਾਲਿਸਤਾਨੀ ਅੱਤਵਾਦੀਆਂ ਤੋਂ ਖਤਰਾ ਹੈ। ਇਸ ਤੋਂ ਇਲਾਵਾ ਸਜ਼ਾ ਤੋਂ ਪਹਿਲਾਂ ਵੀ ਉਸ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਇਸ ਖਤਰੇ ਦੇ ਮੱਦੇਨਜ਼ਰ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਨੂੰ ਹੋਰ ਸਖ਼ਤ ਕਰਨਾ ਜ਼ਰੂਰੀ ਹੈ।
ਪਹਿਲਾਂ 21 ਦਿਨਾਂ ਦੀ ਮਿਲੀ ਸੀ ਫਰਲੋ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 21 ਦਿਨ ਲਈ ਜੇਲ੍ਹ ਤੋਂ ਬਾਹਰ ਆਇਆ ਹੈ। ਸੁਨਾਰੀਆ ਜੇਲ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ। ਜਿਸ ’ਤੇ ਵਿਰੋਧੀਆ ਨੇ ਇਤਰਾਜ਼ ਵੀ ਜਤਾਇਆ ਸੀ।
ਕੀ ਹੈ ਪੂਰਾ ਮਾਮਲਾ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ। ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਪੇਸ਼ੀ ਦੌਰਾਨ ਵੱਡੇ ਪੱਧਰ ’ਤੇ ਹਿੰਸਾ ਹੋਈ। ਇਸ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਰਾਹੀਂ ਸੁਨਾਰੀਆ ਜੇਲ੍ਹ ਲਿਆਂਦਾ ਗਿਆ। ਬੀਤੀ 28 ਅਗਸਤ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਲੱਗੀ। ਜੇਲ ਕੰਪਲੈਕਸ 'ਚ ਹੀ ਸੀਬੀਆਈ ਜੱਜ ਜਗਦੀਪ ਸਿੰਘ ਨੇ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੇ ਨਾਲ ਹੀ ਜਨਵਰੀ 2019 ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਕਤੂਬਰ 2021 ਵਿੱਚ, ਰਾਮ ਰਹੀਮ ਨੂੰ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਵਿੱਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜੋ: ਰਾਮ ਰਹੀਮ ਨੂੰ ਖਾਲਿਸਤਾਨੀ ਸਮੱਰਥਕਾ ਤੋਂ ਖਤਰਾ, ਫਰਲੋ ਤੋਂ ਬਾਅਦ ਮਿਲੀ ਜ਼ੈੱਡ ਪਲੱਸ ਸੁਰੱਖਿਆ