ਚੰਡੀਗੜ੍ਹ: ਐਨਆਈਏ ਵੱਲੋਂ ਕਿਸਾਨ ਆਗੂਆਂ ਨੂੰ ਭੇਜੇ ਜਾ ਰਹੇ ਨੋਟਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਜਮ ਕੇ ਲਾਹਨਤਾਂ ਪਾਈਆਂ ਤੇ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਦੀ ਗੱਲ ਆਖੀ।
ਮੀਡੀਆ ਦੇ ਰੁਬਰੂ ਹੁੰਦੇ ਹੋਏ ਹਰਪਾਲ ਚੀਮ ਨੇ ਕਿਹਾ ਕਿ ਐਨਆਈਏ ਵੱਲੋਂ ਲਗਾਤਾਰ ਕਿਸਾਨ ਆਗੂਆਂ,ਆੜ੍ਹਤੀਆਂ ਤੇ ਟਰਾਂਸਪੋਰਟਰਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਉਨ੍ਹਾਂ ਆਖਿਆ ਐਨਆਈਏ ਦੇ ਇਹ ਨੋਟਿਸ ਸਾਬਿਤ ਕਰਦੇ ਹਨ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਤੋਂ ਘਬਰਾ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ। ਇਸ ਲਈ ਹੇਠਲੇ ਪੱਧਰ 'ਤੇ ਰਾਜਨੀਤੀ ਕਰਦਿਆਂ ਕੇਂਦਰ ਸਰਕਾਰ ਐਨਆਈਏ ਦਾ ਸਹਾਰਾ ਲੈ ਰਹੀ ਹੈ।
ਚੀਮਾ ਨੇ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਨੂੰ ਲੈ ਕੇ ਲੋਕਾਂ ਕਿਸਾਨਾਂ ਦੇ ਹੱਕ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਟਰੈਕਟਰ ਮਾਰਚ ਇੱਕ ਇਤਿਹਾਸਕ ਮਾਰਚ ਹੋਵੇਗਾ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਟਰੈਕਟਰ ਮਾਰਚ 'ਚ ਸ਼ਾਮਲ ਨਾ ਹੋਣ ਨੂੰ ਲੈ ਕੇ ਜੁ਼ੁਰਮਾਨਾ ਭਰਨ ਦੇ ਮਤੇ ਪਾਏ ਹਨ।
ਦਿੱਲੀ 'ਚ ਲੱਗੇ ਖਾਲਿਸਤਾਨ ਦੇ ਪੋਸਟਰਾਂ ਤੇ ਪ੍ਰਤੀਕਰਮ ਦਿੰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਹੀ ਕਿਸਾਨੀ ਸੰਘਰਸ਼ ਨੂੰ ਖ਼ਤਮ ਕਰਨ ਲਈ ਅਜਿਹਾ ਕੁੱਝ ਕਰ ਰਹੀਆਂ ਹਨ। ਭਾਜਪਾ ਵੱਲੋਂ ਕਿਸਾਨ ਅੰਦੋਲਨ 'ਚ ਆਪਣੇ ਘੁਸਪੈਠੀਏ ਭੇਜੇ ਜਾ ਰਹੇ ਹਨ। ਜਦੋਂ ਕਿ ਕਿਸਾਨ ਆਗੂ ਪਹਿਲੇ ਦਿਨ ਤੋਂ ਹੀ ਇਸ ਅੰਦੋਲਨ ਨੂੰ ਨਿਰੋਲ ਮੋਰਚਾ ਕਹਿ ਰਹੇ ਹਨ। ਜਿਸ ਦੇ ਚਲਦੇ ਭਾਜਪਾ ਅਜਿਹੀ ਸਿਆਸਤ ਕਰ ਰਹੀ ਹੈ।