ਚੰਡੀਗੜ੍ਹ: ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਪੰਜਾਬ ਭਾਜਪਾ ਕੋਰ ਗਰੁੱਪ ਦੀ ਬੈਠਕ ਸੱਦੀ ਗਈ ਹੈ। ਭਖਦੀ ਸਿਆਸਤ ਵਿਚਾਲੇ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਜਲਦਬਾਜ਼ੀ ਵਿੱਚ ਲਿਆ ਫ਼ੈਸਲਾ ਹੈ।
ਅਸਤੀਫ਼ੇ ਦਾ ਮੁਖ ਕਾਰਨ
ਮਿੱਤਲ ਨੇ ਕਿਹਾ ਕਿ ਅਸਤੀਫਾ ਦੇਣਾ ਅਕਾਲੀ ਦਲ ਦੀ ਮਜਬੂਰੀ ਬਣ ਗਈ ਸੀ, ਇਸ ਦਾ ਮੁਖ ਕਾਰਨ ਹੈ ਕਿ ਕਿਸਾਨ ਜਥੇਬੰਦੀਆਂ ਨੇ ਬਾਦਲ ਪਿੰਡ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ। ਦੂਜਾ ਕਾਰਨ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਵੱਖਰਾ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਦਿੱਤਾ ਹੈ।
ਗਰਮ ਖਿਆਲੀ ਬੰਦਿਆਂ ਦਾ ਪ੍ਰੈਸ਼ਰ
ਮਿੱਤਲ ਨੇ ਇਹ ਵੀ ਕਿਹਾ ਕਿ 2 ਮਹੀਨੇ ਪਹਿਲਾਂ ਅਕਾਲੀ ਦਲ ਇਹੀ ਖੇਤੀ ਸੋਧ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਹੱਕ ਦਾ ਦੱਸਦਾ ਸੀ ਤੇ ਹੁਣ ਆਪਣੀ ਹੀ ਪਾਰਟੀ ਦੇ ਗਰਮ ਖਿਆਲੀ ਬੰਦਿਆਂ ਦੇ ਪ੍ਰੈਸ਼ਰ ਅਤੇ ਸੂਬੇ ਦੇ ਵਿੱਚ ਕਿਸਾਨਾਂ ਦੇ ਧਰਨਿਆਂ ਦੇ ਡਰ ਤੋਂ ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾ ਦਿੱਤਾ।
ਅਕਾਲੀ ਦਲ ਖੁਦ ਹੋਇਆ ਵੱਖਰਾ
ਮਦਨ ਮੋਹਨ ਮਿੱਤਲ ਨੇ ਕਿਹਾ ਕਿ ਭਾਜਪਾ ਅਕਾਲੀ ਦਲ ਤੋਂ ਵੱਖਰਾ ਨਹੀਂ ਹੋਇਆ, ਅਕਾਲੀ ਦਲ ਨੇ ਖੁਦ ਭਾਜਪਾ ਤੋਂ ਖੁਦ ਨੂੰ ਅਲੱਗ ਹੋਣ ਦਾ ਫੈਸਲਾ ਲਿਆ ਹੈ, ਉਨ੍ਹਾਂ ਕਿਸੇ ਨੂੰ ਜਾਣ ਲਈ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੂਰੀ ਸ਼ਿੱਦਤ ਦੇ ਨਾਲ 117 ਵਿਧਾਨ ਸਭਾ ਸੀਟਾਂ 'ਤੇ ਭਾਜਪਾ ਆਪਣਾ ਕੰਮ ਕਰੇਗੀ ਜਿਸ ਬਾਰੇ ਉਹ ਕੋਰ ਗਰੁੱਪ ਦੀ ਬੈਠਕ ਦੇ ਵਿੱਚ ਵੀ ਗੱਲ ਕਰਨਗੇ।
ਕਿਸਾਨ ਹਿਤੈਸ਼ੀ ਪਾਰਟੀ
ਮਦਨ ਮੋਹਨ ਮਿੱਤਲ ਨੇ ਅਕਾਲੀ ਦਲ ਸਣੇ ਕਾਂਗਰਸੀਆਂ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਜੋ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਿ ਰਹੇ ਹਨ, ਉਨ੍ਹਾਂ ਨੂੰ ਦੱਸ ਦਿੱਤਾ ਜਾਵੇ ਕਿ ਭਾਜਪਾ ਵੀ ਕਿਸਾਨ ਹਿਤੈਸ਼ੀ ਪਾਰਟੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਕਈ ਵਾਰ ਬਿਆਨ ਦੇ ਚੁੱਕੇ ਹਨ ਕਿ ਇਨ੍ਹਾਂ ਖੇਤੀ ਸੋਧ ਆਰਡੀਨੈਂਸ ਐਕਟ ਨਾਲ ਕਿਸੇ ਵੀ ਕਿਸਾਨ ਨੂੰ ਨੁਕਸਾਨ ਨਹੀਂ ਹੋਵੇਗਾ ਬਲਕਿ ਉਨ੍ਹਾਂ ਦੀ ਆਮਦਨੀ ਦੁੱਗਣੀ ਹੋਵੇਗੀ ਅਤੇ ਨਾ ਹੀ ਕੋਈ ਐਮਐਸਪੀ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਇਸ ਨੂੰ ਲੈ ਕੇ ਉਹ ਪੰਜਾਬ ਦੇ ਕਿਸਾਨਾਂ ਦੇ ਕੋਲ ਜਾਣਗੇ ਅਤੇ ਉਨ੍ਹਾਂ ਨੂੰ ਨੀਤੀਆਂ ਬਾਰੇ ਸਮਝਾਇਆ ਜਾਵੇਗਾ।