ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿੱਚ ਜਿੱਥੇ ਵੱਖ-ਵੱਖ ਸੈਕਟਰਾਂ ਵਿੱਚ ਨੌਕਰੀ ਪੇਸ਼ਾ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਤਾਂ ਉੱਥੇ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ 5000 ਤੋਂ ਵੱਧ ਵਿਦਿਆਰਥੀਆਂ ਨੂੰ ਨੌਕਰੀਆਂ ਮਿਲੀਆਂ ਹਨ, ਜਿਸ ਵਿੱਚ ਪੈਂਤੀ ਲੱਖ ਦਾ ਸਾਲਾਨਾ ਪੈਕੇਜ ਸਭ ਤੋਂ ਵੱਧ ਹੈ। ਈਟੀਵੀ ਨੂੰ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 517 ਕੰਪਨੀਆਂ ਵੱਲੋਂ ਹੁਣ ਤੱਕ ਉਨ੍ਹਾਂ ਦੇ ਕੈਂਪਸ ਵਿੱਚ ਗੂਗਲ, ਮਾਈਕ੍ਰੋਸਾਫ਼ਟ, ਆਈਬੀਐਮ ਸਣੇ ਸਣੇ ਤਮਾਮ ਵਿਦੇਸ਼ੀ ਅਤੇ ਭਾਰਤੀ ਕੰਪਨੀਆਂ ਵੱਲੋਂ ਜੌਬ ਡਰਾਈਵ ਚਲਾਈ ਗਈ ਅਤੇ ਇੰਨਾ ਹੀ ਨਹੀਂ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਸਮੇਂ 200 ਤੋਂ ਵੱਧ ਬੱਚਿਆਂ ਦੇ ਜੌਬ ਲੈਟਰ ਡੈਫਰ ਹੋ ਗਏ ਸਨ, ਉਨ੍ਹਾਂ ਨੂੰ ਵੀ ਇਸ ਵਾਰ ਵਧੀਆ ਪੈਕੇਜ ਮਿਲੇ ਹਨ।
ਗੱਲਬਾਤ ਦੌਰਾਨ ਐਮਬੀਏ ਦੀ ਪੜ੍ਹਾਈ ਕਰਨ ਵਾਲੀ ਵਿਦਿਆਰਥਣ ਸਵਾਤੀ ਰਾਏ ਨੇ ਦੱਸਿਆ ਕਿ ਉਸ ਨੂੰ ਪੜ੍ਹਾਈ ਦੌਰਾਨ ਹੀ 6 ਲੱਖ ਰੁਪਏ ਦਾ ਸਾਲਾਨਾ ਪੈਕੇਜ ਵਾਲੀ ਨੌਕਰੀ ਮਿਲ ਗਈ ਹੈ ਅਤੇ ਇਹ ਇੱਕ ਵੱਡੀ ਗੱਲ ਹੈ ਕਿਉਂਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਜਿੱਥੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ, ਉਥੇ ਹੀ ਉਨ੍ਹਾਂ ਨੂੰ ਕੈਂਪਸ ਦੇ ਪਲੇਸਮੈਂਟ ਸੈੱਲ ਵੱਲੋਂ ਨੌਕਰੀਆਂ ਦਿਵਾਈਆਂ ਜਾ ਰਹੀਆਂ ਹਨ।
ਹਿਮਾਚਲ ਦੇ ਤਰੁਨ ਸੋਨੀ, ਜੋ ਕਿ ਪੜ੍ਹਾਈ ਵਿੱਚ ਹਮੇਸ਼ਾ ਅੱਵਲ ਰਹਿੰਦਾ ਹੈ ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਮਿਲ ਰਹੀ ਹੈ, ਨੇ ਦੱਸਿਆ ਕਿ ਉਸ ਨੂੰ 50 ਤੋਂ ਵੱਧ ਕੰਪਨੀਆਂ ਵਿੱਚ ਬੈਠਣ ਦਾ ਮੌਕਾ ਮਿਲਿਆ, ਜਿਨ੍ਹਾਂ ਵਿੱਚੋਂ ਉਸ ਨੂੰ ਨੋਕੀਆ ਸਲਿਊਸ਼ਨ ਵਿੱਚ 6 ਲੱਖ ਰੁਪਏ ਸਾਲਾਨਾ ਦਾ ਪੈਕੇਜ ਮਿਲਿਆ ਹੈ।
ਯੂਨੀਵਰਸਿਟੀ ਵਿਖੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੀ ਜਸਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਅਖੀਰਲੇ ਸਮੈਸਟਰ ਵਿਚ ਜੌਬ ਮਿਲ ਗਈ ਹੈ। ਸਾਢੇ 4 ਲੱਖ ਰੁਪਏ ਦੇ ਸਾਲਾਨਾ ਪੈਕੇਜ ਨਾਲ ਉਹ ਇੱਕ ਸੌਫਟਵੇਅਰ ਇੰਜੀਨੀਅਰ ਵਜੋਂ ਨੌਕਰੀ ਕਰੇਗੀ।
ਬੀ.ਟੈੱਕ ਦੀ ਪੜ੍ਹਾਈ ਕਰਨ ਵਾਲੀ ਮਹਿਕ ਸੂਰਿਆਵੰਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਸਾਢੇ 4 ਲੱਖ ਰੁਪਏ ਦਾ ਪੈਕੇਜ ਮਿਲਿਆ ਹੈ ਅਤੇ ਉਨ੍ਹਾਂ ਨੂੰ ਕਈ ਕੰਪਨੀਆਂ ਵਿੱਚੋਂ ਆਫਰ ਮਿਲੀ ਲੇਕਿਨ ਉਸ ਨੇ ਡੈਟਾ ਐਨਾਲਿਸਟ ਦਾ ਪੇਸ਼ਾ ਚੁਣਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਕੈਂਪਸ ਵਿੱਚ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਵੱਧ ਸਿਖਾਇਆ ਜਾਂਦਾ ਹੈ ਅਤੇ ਉਸ ਦਾ ਫ਼ਾਇਦਾ ਹੀ ਹੁਣ ਉਨ੍ਹਾਂ ਨੂੰ ਸਿੱਧੀ ਨੌਕਰੀ ਮਿਲਣ ਨਾਲ ਹੋ ਰਿਹੈ।