ਚੰਡੀਗੜ੍ਹ: ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਦੇਖ ਕੇ ਵੱਡੇ ਕਾਰਪੋਰੇਟ ਪੰਜਾਬ ਵਿੱਚੋਂ ਪੈਰ ਪਿਛਾਂਹ ਖਿੱਚਣ ਲੱਗ ਪਏ ਹਨ। ਖੇਤੀ ਸੈਕਟਰ ਵਿੱਚ ਕਾਰੋਬਾਰ ਕਰਨ ਦੀ ਭਵਿੱਖੀ ਯੋਜਨਾ ਬਣਾ ਰਿਹਾ ਅਡਾਨੀ ਗਰੁੱਪ ਹੁਣ ਪੰਜਾਬ ਵਿੱਚੋਂ ਆਪਣਾ ਸਾਮਾਨ ਇਕੱਠਾ ਕਰਨ ਲੱਗ ਪਿਆ ਹੈ।
ਅਡਾਨੀ ਗਰੁੱਪ (Adani Group) ਨੇ ਜਗਰਾਓਂ ਤੇ ਫਿਰੋਜ਼ਪੁਰ ਵਿੱਚੋਂ ਆਪਣੇ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਡਾਨੀ ਗਰੁੱਪ ਦੀ ਵਾਪਸੀ ਨੂੰ ਵੇਖਦਿਆਂ ਪੰਜਾਬ ਵਿਚਲੇ ਕਾਰੋਬਾਰੀ ਵੀ ਉਸ ਨਾਲੋਂ ਕਰਾਰ ਤੋੜਨ ਲੱਗੇ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕੰਟੇਨਰ ਸਰਵਿਸ ਨੇ ਕਿਲ੍ਹਾ ਰਾਏਪੁਰ ਵਿੱਚ ਅਡਾਨੀ ਗਰੁੱਪ ਨਾਲ ਭਾਰੀ ਮਸ਼ੀਨਰੀ ਦੀ ਸੇਵਾ ਦਾ ਕਰਾਰ ਖ਼ਤਮ ਕਰ ਦਿੱਤਾ ਹੈ।
ਉਨ੍ਹਾਂ ਆਪਣੀ ਮਸ਼ੀਨਰੀ ਵਾਪਸ ਬੁਲਾ ਲਈ ਹੈ। ਕੰਪਨੀ ਦੇ ਮਾਲਕ ਲੁਧਿਆਣਾ ਵਾਸੀ ਮੁਕੇਸ਼ ਖੋਸਲਾ (Mukesh Khosla) ਨੇ ਅੰਦੋਲਨਕਾਰੀ ਕਿਸਾਨਾਂ ਨੂੰ ਲਿਖਤੀ ਭਰੋਸਾ ਦਿੱਤਾ ਹੈ ਕਿ ਉਸ ਦੀ ਕੰਪਨੀ ਆਉਣ ਵਾਲੇ ਸਮੇਂ ਵਿੱਚ ਕਦੇ ਵੀ ਅਡਾਨੀ ਗਰੁੱਪ ਨਾਲ ਕੋਈ ਵੀ ਵਪਾਰਕ ਸਾਂਝ ਨਹੀਂ ਰੱਖੇਗੀ 'ਤੇ ਅੰਦੋਲਨ ਦੀ ਜਿੱਤ ਤੱਕ ਕਿਸਾਨਾਂ ਦਾ ਸਾਥ ਦੇਵੇਗੀ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਵਿੱਚ ਕਾਰਪੋਰੇਟਾਂ ਦੇ ਪੈਰ ਉੱਖੜਨੇ ਸ਼ੁਰੂ ਹੋ ਗਏ ਹਨ ਕਿਉਂਕਿ ਪੰਜਾਬ ਦੇ ਵਪਾਰਕ ਅਦਾਰਿਆਂ ਨੇ ਉਨ੍ਹਾਂ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਡਾਨੀ ਗਰੁੱਪ (Adani Group) ਨਾਲ ਠੇਕੇ 'ਤੇ ਕੰਮ ਕਰਨ ਵਾਲੀਆਂ ਹੋਰ ਕੰਪਨੀਆਂ ਨੇ ਵੀ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਇਹ ਕਿਸਾਨੀ ਘੋਲ ਦੀ ਜਿੱਤ ਵਿੱਚ 1 ਮੀਲ ਪੱਥਰ ਸਾਬਿਤ ਹੋਵੇਗਾ। ਉੱਧਰ ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਛੋਟੇ ਵਪਾਰਕ ਅਦਾਰਿਆਂ ਨਾਲ ਕੋਈ ਵਿਰੋਧ ਨਹੀਂ ਹੈ ਸਗੋਂ ਕਿਸਾਨਾਂ ਦੀ ਲੜਾਈ ਮੌਜੂਦਾ ਸਰਕਾਰ 'ਤੇ ਕਾਰਪੋਰੇਟ ਘਰਾਣਿਆਂ ਨਾਲ ਹੈ ਜਿਹੜੇ ਦੇਸ਼ ਦੀ ਸੰਪਤੀ ਜਲ, ਜੰਗਲ ਅਤੇ ਜ਼ਮੀਨ ਹੜਪਣਾ ਚਾਹੁੰਦੇ ਹਨ ਆਪਣਾ ਰਾਜ ਕਰਦੇ ਹਨ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਕਲੇਸ਼: ਹਰੀਸ਼ ਰਾਵਤ ਨਾਲ ਮੁਲਾਕਾਤ ਕਰ ਸਕਦੇ ਹਨ ਬਾਗੀ ਮੰਤਰੀ