ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਰਾਸ਼ਟਰੀ ਸਕੱਤਰ ਦਿਨੇਸ਼ ਕੁਮਾਰ ਵੱਲੋਂ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਬੇਇੱਜ਼ਤੀ ਪੰਜਾਬ ਬਰਦਾਸ਼ਤ ਨਹੀਂ ਕਰੇਗਾ, ਸਹੀ ਸਮਾਂ ਆਉਣ ਉੱਤੇ ਪੰਜਾਬ ਦੀ ਜਨਤਾ ਭਾਜਪਾ ਨੂੰ ਸਬਕ ਸਿਖਾਏਗੀ ।
'ਆਪ' ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਬਿਹਾਰ ਜਿੱਤ ਨੂੰ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਜਿੱਤ ਨਹੀਂ ਸਮਝਿਆ ਜਾ ਸਕਦਾ, ਕਿਉਂਕਿ ਬਿਹਾਰ ਵਿੱਚ ਇਹ ਖੇਤੀ ਕਾਨੂੰਨ ਮੁੱਦੇ ਹੀ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਪੰਜਾਬ ਅਤੇ ਹਰਿਆਣਾ ਵਿੱਚ ਅਤਿ ਗੰਭੀਰ ਹੈ। ਇਸ ਦੇ ਕਾਰਨ ਹੀ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸਹਿਯੋਗੀਆਂ ਦੀ ਸਰਕਾਰ ਹੋਣ ਦੇ ਬਾਵਜੂਦ ਵੀ 1 ਸੀਟ ਉੱਤੇ ਹੋਏ ਉਪ-ਚੋਣ ਵਿੱਚ ਬੀਜੇਪੀ ਮੂਧੇ ਮੂੰਹ ਡਿੱਗੀ ਹੈ।
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਬਿਹਾਰ ਚੋਣ ਵਿੱਚ ਭਾਜਪਾ ਦੀ ਜਿੱਤ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਮੂੰਹ ਉੱਤੇ ਚਪੇੜ ਦੱਸਿਆ ਉੱਤੇ ਆਪਣੀ ਪ੍ਰਤੀਕ੍ਰਿਆ ਸਾਫ਼ ਕਰਦੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਅਤੇ ਬਰਨਾਲਾ ਤੋਂ ਵਿਧਾਇਕ ਅਤੇ ਪੰਜਾਬ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਨੂੰ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਬੇਇੱਜ਼ਤੀ ਦੱਸਿਆ ਹੈ ।
ਪਾਰਟੀ ਹੈੱਡਕੁਆਟਰ ਚੰਡੀਗੜ੍ਹ ਤੋਂ ਮੀਡੀਆ ਨੂੰ ਜਾਰੀ ਪ੍ਰੈੱਸ ਬਿਆਨ ਵਿੱਚ ਮਾਨ ਅਤੇ ਹੇਅਰ ਨੇ ਕਿਹਾ ਕਿ ਭਾਜਪਾ ਦੇ ਨੇਤਾ ਸੱਤਾ ਦੇ ਨਸ਼ੇ ਵਿੱਚ ਆਮ ਲੋਕਾਂ ਅਤੇ ਖ਼ਾਸਕਰ ਕਿਸਾਨਾਂ ਦੀ ਆਵਾਜ਼ ਨੂੰ ਸੁਣਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਦੇ ਮੌਜੂਦਾ ਮੁੱਦੇ ਬਹੁਤ ਗੰਭੀਰ ਹਨ। ਜਿਸ ਉੱਤੇ ਦੇਸ਼ ਅਤੇ ਖ਼ਾਸ ਤੌਰ ਉੱਤੇ ਪੰਜਾਬ ਸੂਬੇ ਦਾ ਭਵਿੱਖ ਟਿਕਿਆ ਹੋਇਆ ਹੈ। ਇਸ ਲਈ ਭਾਜਪਾ ਆਗੂਆਂ ਨੂੰ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਸੌੜੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ।
ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਲੋਕ ਅਤੇ ਕਿਸਾਨ ਵਿਰੋਧੀ ਨੀਤੀਆਂ ਦੇ ਕਾਰਨ ਪੰਜਾਬ ਵਿੱਚ ਇਨ੍ਹਾਂ ਦੇ ਆਗੂਆਂ ਦਾ ਹਰ ਥਾਂ ਉੱਤੇ ਵਿਰੋਧ ਹੋ ਰਿਹਾ ਹੈ ਅਤੇ ਇਸ ਦੇ ਨਤੀਜੇ ਆਉਣ ਵਾਲੇ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਸਾਥੀਆਂ ਨੂੰ ਭੁਗਤਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣ ਵਿੱਚ ਆਪਣੇ ਨਾਲ ਹੋਏ ਧੱਕੇ ਦਾ ਬੀਜੇਪੀ ਤੋਂ ਬਦਲਾ ਲਵੇਗੀ ਅਤੇ ਇਨ੍ਹਾਂ ਦਾ ਸੂਬੇ ਵਿਚੋਂ ਬੋਰੀਆ ਬਿਸਤਰਾ ਗੋਲ ਕਰ ਦੇਵਾਂਗੇ ।
ਕੈਪਟਨ ਅਮਰਿੰਦਰ ਸਿੰਘ ਉੱਤੇ ਵਰ੍ਹਦਿਆਂ ਮਾਨ ਅਤੇ ਹੇਅਰ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਅਤੇ ਉਹ ਆਪਣੀ ਅਈਆਸ਼ੀ ਵਿੱਚ ਡੁੱਬ ਕੇ ਪੰਜਾਬ ਨੂੰ ਤਬਾਹੀ ਦੇ ਕੰਢੇ ਉੱਤੇ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਕਮਜ਼ੋਰ ਮੁੱਖ ਮੰਤਰੀ ਕਾਰਨ ਹੀ ਮੋਦੀ ਪੰਜਾਬ ਨੂੰ ਅੱਖਾਂ ਵਿਖਾ ਰਹੇ ਹਨ ਅਤੇ ਕਿਸਾਨ ਅੰਦੋਲਨ ਨੂੰ ਦਬਾਉਣ ਦੇ ਮਨਸੂਬੇ ਨਾਲ ਸੂਬੇ ਵਿਚ ਰੇਲ ਗੱਡੀਆਂ ਦੀ ਆਵਾਜਾਈ ਠੱਪ ਕਰਨ ਤੋਂ ਲੈ ਕੇ ਹਰ ਤਰਾਂ ਦੇ ਫ਼ੰਡ ਰੋਕ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਹੋਏ ਫ਼ਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਸੇਧ ਲੈਂਦਿਆਂ ਆਮ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਘੱਟ ਫ਼ੰਡ ਹੋਣ ਦੇ ਬਾਵਜੂਦ ਵੀ ਸੂਬੇ ਵਿੱਚ ਬਿਜਲੀ, ਪਾਣੀ, ਸਿੱਖਿਆ ਅਤੇ ਸਿਹਤ ਦੇ ਖੇਤਰ ਮਿਸਾਲੀ ਕਾਰਜ ਕੀਤੇ ਹਨ।
ਸੂਬੇ ਵਿੱਚ ਪੈਦਾ ਹੋ ਰਹੀ ਖਾਦ ਦੀ ਕਿੱਲਤ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਇਸ ਸਮੇਂ ਕਿਸਾਨ ਝੋਨੇ ਦੀ ਫ਼ਸਲ ਨੂੰ ਵੱਢ ਕੇ ਕਣਕ ਬੀਜਣ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਯੂਰੀਆ ਤੇ ਡੀਏਪੀ ਖਾਦ ਦੀ ਬੇਹੱਦ ਲੋੜ ਹੈ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨਾਲ ਕਿੜ ਕੱਢਣ ਤੋਂ ਬਾਜ਼ ਆਉਂਦੇ ਹੋਏ ਮਾਲ-ਗੱਡੀਆਂ ਦੀ ਸਪਲਾਈ ਬਹਾਲ ਕਰਨੀ ਚਾਹੀਦੀ ਹੈ ਤਾਂ ਜੋ ਖਾਦ ਅਤੇ ਹੋਰ ਜ਼ਰੂਰੀ ਵਸਤਾਂ ਸੂਬੇ ਵਿਚ ਆ ਸਕਣ। ਉਨ੍ਹਾਂ ਕਿਹਾ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਕਾਰਨ ਵਪਾਰੀ ਵਰਗ ਵੀ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਪਰੇਸ਼ਾਨ ਹੈ।