ਚੰਡੀਗੜ੍ਹ: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਤੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਸਰਕਾਰ ਨੂੰ ਲੈ ਕੇ ਸਿਆਸਤ ਭੱਖਦੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ਾ ਦੇਣ ਦੇ ਫੈਸਲੇ ਨੂੰ ਮਹਿਜ਼ ਇੱਕ ਡਰਾਮਾ ਦੱਸਿਆ ਹੈ।
ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰ ਬਾਦਲ ਪਰਿਵਾਰ 'ਤੇ ਤਿੱਖੇ ਵਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਨੇ ਅਸਤੀਫ਼ਾ ਤਾਂ ਦਿੱਤਾ ਕਿਊਂਕਿ ਕਿਸਾਨਾਂ ਨੇ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਸੀ ਕਿ ਪੰਜਾਬ ਦੇ ਪਿੰਡਾਂ 'ਚ ਉਹ ਹੀ ਸਿਆਸਤਦਾਨ ਵੜ੍ਹ ਸਕਦਾ ਹੈ ਜੋਂ ਕਿਸਾਨਾਂ ਦੇ ਹਿੱਤਾ ਪ੍ਰਤੀ ਆਵਾਜ਼ ਚੁੱਕੇਗਾ ਤੇ ਉਨ੍ਹਾਂ ਨਾਲ ਖੜ੍ਹਾ ਹੋਵੇਗਾ।
ਭਾਜਪਾ ਨਾਲ ਭਾਈਵਲੀ 'ਤੇ ਸ਼ਬਦੀ ਵਾਰ ਕਰਦੇ ਹੋਏ ਮਾਨ ਨੇ ਕਿਹਾ ਕਿ ਅਸਤੀਫੇ ਤੋਂ ਬਾਅਦ ਬੀਬੀ ਬਾਦਲ ਨੇ ਇੱਕ ਚੈਲਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਨਹੀਂ ਕਿਸਾਨ ਇਸ ਖੇਤੀ ਆਰਡੀਨੈਂਸ ਬਿੱਲ ਨੂੰ ਗਲਤ ਦੱਸ ਰਹੇ ਹਨ ਤੇ ਉਹ ਉਨ੍ਹਾਂ ਨੂੰ ਸਮਝਾ ਨਹੀਂ ਸਕੀ ਇਸ ਲਈ ਇਸ ਅਹੁਦੇ ਤੋਂ ਅਸਤੀਫਾ ਦੇ ਰਹੀ ਹੈ। ਮਾਨ ਨੇ ਕਿਹਾ ਕਿ ਬੀਬੀ ਬਾਦਲ ਹੁਣ ਇਹ ਕਹਿਣਾ ਚਾਹੁੰਦੀ ਹੈ ਕਿ ਉਨ੍ਹਾਂ ਲਈ ਤਾਂ ਇਹ ਬਿੱਲ ਠੀਕ ਹੈ ਪਰ ਕਿਸਾਨਾਂ ਲਈ ਨਹੀਂ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਅੰਦਰੋ ਅੰਦਰ ਇਨ੍ਹਾਂ ਕਿਸਾਨ ਵਿਰੋਧੀ ਬਿੱਲ ਪਾਸ ਕਰਨ ਵਾਲਿਆਂ ਨਾਲ ਮਿਲੀ ਹੋਈ ਹੈ। ਇਨ੍ਹਾਂ ਨੂੰ 5 ਮਹੀਨੇ ਪਹਿਲੇ ਹੀ ਇਸ ਬਿੱਲ ਬਾਰੇ ਪੱਤਾ ਸੀ ਪਰ ਇਹ ਚੁੱਪ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਿਰਫ਼ ਨਾਂਅ ਲਈ ਕਿਸਾਨਾਂ ਦਾ ਸਾਥ ਦੇ ਰਹੀ ਹੈ ਪਰ ਅੰਦਰੋਂ ਇਹ ਵੀ ਇਸ ਬਿੱਲ ਨੂੰ ਪਾਸ ਕਰਵਾਉਂਣਾ ਚਾਹੁੰਦੀ ਹੈ।