ਮੁਹਾਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਪਹਿਲੀ ਵਾਰ ਪੰਜਾਬ ਦੌਰੇ ਉੱਤੇ ਆ ਰਹੇ ਹਨ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਂਟਰੀ ਗੇਟ ’ਤੇ ਤੈਨਾਤ ਪੁਲਿਸ ਕਰਮੀਆਂ ਨੂੰ ਕਿਹਾ ਗਿਆ ਹੈ ਕਿ ਕੋਈ ਵੀ ਕਾਲਾ ਕੱਪੜਾ ਪ੍ਰਗੋਰਾਮ ਅੰਦਰ ਲਿਜਾਉਣ ਦੀ ਇਜਾਜ਼ਤ ਨਹੀਂ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੰਡਾਲ ਅੰਦਰ 24 ਚੀਜ਼ਾਂ ਨੂੰ ਲੈ ਕੇ ਜਾਣ ਦੀ ਇਜ਼ਾਜਤ ਨਹੀਂ ਹੈ। ਜਿਵੇਂ ਕਿ ਰੱਸੀ, ਖੇਡਾਂ ਦਾ ਸਮਾਨ, ਵਾਕੀ ਟਾਕੀ, ਪਾਣੀ ਦੀ ਬੋਤਲ, ਪਾਣੀ ਦੀ ਬੋਤਲ ਦਾ ਓਪਨਰ, ਕੈਂਚੀ, ਚਾਕੂ, ਲੋਹੇ ਦੀ ਕੋਈ ਵੀ ਤਿੱਖੀ ਚੀਜ਼, ਕਿਸੇ ਵੀ ਕਿਸਮ ਦਾ ਰਸਾਇਣ, ਕੋਈ ਵੀ ਜਲਣਸ਼ੀਲ ਪਦਾਰਥ, ਨਹੁੰ ਕਟਰ, ਕੱਪੜੇ ਧੋਣ ਦਾ ਸਾਬਣ, ਕੋਈ ਵੀ ਰਿਮੋਟ, ਵਾਇਰਲੈੱਸ ਉਪਕਰਣ, ਕੁਝ ਵੀ ਤਿੱਖਾ ਸਮਾਨ, ਫੁੱਟਬਾਲ, ਗੇਂਦ, ਇਤਰਾਜ਼ਯੋਗ ਸ਼ਬਦਾਂ ਜਾਂ ਫੋਟੋਆਂ ਵਾਲੀ ਟੀ-ਸ਼ਰਟ, ਕੋਈ ਵੀ ਜੈੱਲ ਜਾਂ ਲੇਡੀ ਮੇਕਅਪ ਆਈਟਮ, ਕਿਸੇ ਵੀ ਕਿਸਮ ਦਾ ਕਾਲਾ ਕੱਪੜਾ ਜਾਂ ਰੁਮਾਲ, ਕਿਸੇ ਵੀ ਕਿਸਮ ਦੀ ਕਾਲੀ ਸਪਰੇਅ, ਕਾਲੀ ਸਿਆਹੀ ਜਾਂ ਪੇਂਟ, ਕਿਸੇ ਵੀ ਕਿਸਮ ਦਾ ਬੈਨਰ ਜਾਂ ਪੇਪਰ ਪ੍ਰਿੰਟ ਆਉਟ ਕਾਪੀ, ਰਾਸ਼ਟਰੀ ਝੰਡੇ ਤੋਂ ਇਲਾਵਾ ਕੋਈ ਹੋਰ ਝੰਡਾ, ਕੋਈ ਪੈੱਨ, ਪੈਨਸਿਲ ਅੰਦਰ ਨਹੀਂ ਜਾਵੇਗੀ।
ਹਸਪਤਾਲ ਦਾ ਉਦਘਾਟਨ ਕਰਨਗੇ ਪੀਐਮ ਮੋਦੀ: ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਹਾਲੀ ‘ਚ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ ਜੋ ਗੁਆਂਢੀ ਸੂਬਿਆਂ ਦੇ ਕੈਂਸਰ ਮਰੀਜ਼ਾਂ ਲਈ ਵੀ ਵਰਦਾਨ ਸਾਬਿਤ ਹੋਵੇਗਾ। ਇਸ ਦੇ ਨਾਲ ਹੀ ਪੀਐਮ ਮੋਦੀ ਖੋਜ ਕੇਂਦਰ ਦਾ ਉਦਘਾਟਨ ਵੀ ਕਰਨਗੇ।
ਸੁਰੱਖਿਆ ਦੇ ਸਖ਼ਤ ਪ੍ਰਬੰਧ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਦੀ ਨਿਗਰਾਨੀ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਕਰ ਰਹੇ ਹਨ। ਸੁਰੱਖਿਆ ਦੇ ਮੱਦੇਨਜ਼ਰ 23 ਅਤੇ 24 ਅਗਸਤ ਨੂੰ ਮੁੱਲਾਂਪੁਰ ਦੇ ਕਰੀਬ 3 ਤੋਂ 5 ਕਿਲੋਮੀਟਰ ਦੇ ਦਾਇਰੇ ਵਿੱਚ ਕਿਸੇ ਵੀ ਜੱਥੇਬੰਦੀ ਦੇ ਪ੍ਰਦਰਸ਼ਨ ਕਰਨ ਉੱਤੇ ਰੋਕ ਲਾ ਦਿੱਤੀ ਗਈ ਹੈ।