ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੀ ਇਕ ਸੋਸ਼ਲ ਮੀਡੀਆ ਪੋਸਟ ਸੁਰਖੀਆਂ 'ਚ ਹੈ। ਦਰਅਸਲ ਉਹਨਾਂ ਨੇ ਆਪਣੀ ਪੋਸਟ 'ਚ ਲਿਖਿਆ, "ਖ਼ਾਮੋਸ਼ੀਆਂ ਕਦੇ ਬੇਵਜਾਹ ਨਹੀਂ ਹੁੰਦੀਆਂ, ਕੁਝ ਦਰਦ ਆਵਾਜ਼ ਖੋਹ ਲੈਂਦੇ ਨੇ"। ਹਾਲਾਂਕਿ ਉਹਨਾਂ ਨੇ ਬਾਅਦ ਵਿਚ ਇਹ ਵੀ ਸਪੱਸ਼ਟ ਕੀਤਾ ਕਿ ਇਸ ਪੋਸਟ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ।
ਜਦਕਿ ਬਲਜਿੰਦਰ ਕੌਰ ਦੀ ਇਸ ਪੋਸਟ ਨੂੰ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪ੍ਰੋ. ਬਲਜਿੰਦਰ ਕੌਰ ਦੂਜੀ ਵਾਰ ਤਲਵੰਡੀ ਸਾਬੋ ਤੋਂ ਵਿਧਾਇਕ ਚੁਣੇ ਗਏ ਹਨ। ਇਸ ਦੇ ਬਾਵਜੂਦ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿਚ ਮੰਤਰੀ ਨਹੀਂ ਬਣਾਇਆ ਗਿਆ।
ਇਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਵਿਚ ‘ਆਪ’ ਸਰਕਾਰ ਦੇ 10 ਮੰਤਰੀਆਂ ਦਾ ਐਲਾਨ ਹੋਇਆ ਸੀ ਤਾਂ ਬਲਜਿੰਦਰ ਕੌਰ ਨੇ ਪੋਸਟ ਪਾਈ ਸੀ। ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਜਿੱਥੇ ਅਪਣਿਆਂ ਦੇ ਸਾਹਮਣੇ ਅਪਣਾ ਸੱਚ ਸਾਬਤ ਕਰਨਾ ਪਵੇ, ਉੱਥੇ ਅਸੀਂ ਬੁਰੇ ਹੀ ਠੀਕ ਹਾਂ। ਇਸ ਪੋਸਟ ਨੂੰ ਵੀ ਉਹਨਾਂ ਦੀ ਨਾਰਾਜ਼ਗੀ ਨਾਲ ਜੋੜਿਆ ਜਾ ਰਿਹਾ ਸੀ। ਹਾਲਾਂਕਿ ਜਦੋਂ ਇਹ ਪੋਸਟ ਚਰਚਾ 'ਚ ਆਈ ਤਾਂ ਉਹਨਾਂ ਨੇ ਇਸ ਨੂੰ ਡਿਲੀਟ ਕਰ ਦਿੱਤਾ ਸੀ।
ਦੱਸ ਦਈਏ ਕਿ ਪ੍ਰੋ. ਬਲਜਿੰਦਰ ਕੌਰ ਨੂੰ ਪਹਿਲਾਂ ਸਪੀਕਰ ਜਾਂ ਡਿਪਟੀ ਸਪਕਿਰ ਬਣਾਉਣ ਦੀਆਂ ਚਰਚਾਵਾਂ ਉਡ ਰਹੀਆਂ ਸਨ। ਇਸ ਦੇ ਨਾਲ ਹੀ ਕਿਆਸ ਇਹ ਵੀ ਲਗਾਏ ਜਾ ਰਹੇ ਸਨ ਕਿ ਬਲਜਿੰਦਰ ਕੌਰ ਦੂਜੀ ਵਾਰ ਵਿਧਾਇਕ ਬਣੇ ਹਨ, ਇਸ ਲਈ ਉਨ੍ਹਾਂ ਨੂੰ ਕੈਬਨਿਟ 'ਚ ਥਾਂ ਮਿਲ ਸਕਦੀ ਹੈ। ਪਰ ਇਸ ਤੋਂ ਉਲਟ ਕਈ ਨਵੇਂ ਚਿਹਰੇ ਪੰਜਾਬ ਦੀ ਕੈਬਨਿਟ 'ਚ ਸ਼ਾਮਲ ਕੀਤੇ ਗਏ। ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਪ੍ਰੋ. ਬਲਜਿੰਦਰ ਕੌਰ ਵਲੋਂ ਸ਼ੇਅਰ ਕੀਤੀਆਂ ਪੋਸਟ ਉਨ੍ਹਾਂ ਦੀ ਨਾਰਾਜ਼ਗੀ ਹੋ ਸਕਦੀ ਹੈ।
ਇਹ ਵੀ ਪੜ੍ਹੋ: ਅੱਜ ਅਤੇ ਕੱਲ ਭਾਰਤ ਬੰਦ, ਬੈਂਕਾਂ ਦਾ ਕੰਮ ਹੋ ਸਕਦਾ ਪ੍ਰਭਾਵਿਤ