ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਖੁਦ ਸਿਹਤ ਮੰਤਰੀ ਬਿਮਾਰ ਪੈ ਚੁੱਕੇ ਹਨ, ਜਦਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਸਣੇ ਸਿਹਤ ਸੁਵਿਧਾਵਾਂ ਨੂੰ ਲੈ ਕੇ ਬੜੀਆਂ ਚਰਚਾਵਾਂ ਕਰਦੇ ਸਨ। ਕੇਜਰੀਵਾਲ 'ਤੇ ਸਵਾਲ ਚੁੱਕਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਵਿੱਚ ਸਰਕਾਰ ਦਿੱਲੀ 'ਤੇ ਲਗਾਮ ਕਿਉਂ ਨਹੀਂ ਲਗਾ ਸਕੀ।
ਇਸ ਦੇ ਨਾਲ ਹੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਜੇਲ੍ਹਾਂ ਦੇ ਵਿੱਚ ਨਵੇਂ ਡਾਕਟਰਾਂ ਨੂੰ ਭਰਤੀ ਕਰਨ ਦੇ ਲਈ ਅਲੱਗ ਤੋਂ ਕੈਡਰ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਬਾਰੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਉਨ੍ਹਾਂ ਦੀ ਗੱਲ ਹੋ ਚੁੱਕੀ ਹੈ।
ਇਸ ਤੋਂ ਇਲਾਵਾ 18 ਜੂਨ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ ਦੇ ਵਿੱਚ ਲੰਬੇ ਸਮੇਂ ਤੋਂ ਅਧੂਰੀ ਪਈ ਮਲਟੀਪਰਪਜ਼ ਹੈਲਥ ਵਰਕਰਾਂ ਦੀ ਮੰਗਾਂ ਨੂੰ ਪੂਰਾ ਕਰਨ ਦਾ ਮੈਮੋਰੰਡਮ ਮਤਾ ਲਿਆਇਆ ਜਾ ਸਕਦਾ ਹੈ, ਜਿਸ ਬਾਰੇ ਸਿੱਧੂ ਨੇ ਕਿਹਾ ਕਿ ਸ਼ਾਮ ਤੱਕ ਇਸ ਬਾਰੇ ਸਥਿਤੀ ਸਾਫ਼ ਹੋ ਜਾਵੇਗੀ।