ਚੰਡੀਗੜ੍ਹ: ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਕਾਲ਼ਾ ਦਿਵਸ ਮਨਾਉਣ ਦੇ ਕੀਤੇ ਐਲਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਕਿਹਾ, ‘ਬਾਦਲ ਪਰਿਵਾਰ ਨੂੰ ਆਪਣੇ ਮੂੰਹ ’ਤੇ ਪਸ਼ਚਾਤਾਪ ਦੀ ਕਾਲਖ਼ ਮਲ਼ ਕੇ ਕਾਲਾ ਦਿਵਸ ਮਨਾਉਣਾ ਚਾਹੀਦਾ ਹੈ, ਕਿਉਂਕਿ ਜੇ ਬਤੌਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Harsimrat Kaur Badal) ਆਰਡੀਨੈਂਸਾਂ ਉਪਰ ਦਸਤਖ਼ਤ ਨਾ ਕਰਦੇ ਤਾਂ ਕਿਸਾਨ ਮਾਰੂ ਕਾਲਾ ਦਿਨ ਕਦੇ ਨਾ ਚੜ੍ਹਦਾ।’
ਇਹ ਵੀ ਪੜੋ: ਸਹਿਕਾਰੀ ਸਭਾਵਾਂ ਨੂੰ ਲੈਕੇ ਅਕਾਲੀ ਦਲ ਨੇ ਘੇਰੀ ਕੇਂਦਰ ਤੇ ਕੈਪਟਨ ਸਰਕਾਰ
ਵਿਧਾਇਕ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਸਮੂਹ ਕਿਸਾਨ ਹਿਤੈਸ਼ੀ ਜਥੇਬੰਦੀਆਂ ਅਤੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ 17 ਸਤੰਬਰ ਵਾਲਾ ਦਿਨ ਅੰਨਦਾਤਾ ਦੇ ਹੱਕ ਵਿੱਚ ‘ਕੌਮੀ ਪੱਧਰ’ ਉਤੇ ਕਾਲ਼ੇ ਦਿਵਸ ਵਜੋਂ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ (Narendra Modi) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਭਾਰਤੀ ਇਤਿਹਾਸ ਵਿੱਚ ਤਾਨਾਸ਼ਾਹ ਸਰਕਾਰ ਬਣ ਗਈ ਹੈ, ਜੋ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ।
ਸੰਧਵਾਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਮਹਾਂ ਪੰਜਾਬ ਦੀ ਸਰਜ਼ਮੀਨ ਤੋਂ ਉਠੇ ਅੰਦੋਲਨ ਨੇ ਨਾ ਸਿਰ ਭਾਰਤ ਵਿੱਚ ਕਿਸਾਨਾਂ ਨੂੰ ਬਲ ਬਖਸ਼ਿਆ, ਸਗੋਂ ਅਮਰੀਕਾ, ਕਨੈਡਾ, ਅਸਟਰੇਲੀਆ ਅਤੇ ਯੂਰਪ ਸਮੇਤ ਅਫ਼ਰੀਕਾ ਦੇ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਹੱਕਾਂ ਦੀ ਰਾਖੀ ਲਈ ਜਾਗਰੂਕਤਾ ਪੈਦਾ ਕੀਤੀ ਹੈ।
ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਕਿਹਾ, ‘‘ਜਦੋਂ ਚਾਹੇ ਅਣਚਾਹੇ ਮਨ ਨਾਲ ਅਕਾਲੀ ਦਲ ਬਾਦਲ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਹਵਾਲੇ ਨਾਲ 17 ਸਤੰਬਰ ਵਾਲੇ ਦਿਨ ਨੂੰ ਕਾਲੇ ਦਿਵਸ ਵਜੋਂ ਮੰਨ ਲਿਆ ਹੈ ਤਾਂ ਖੇਤੀ ਆਰਡੀਨੈਂਸ ਉਪਰ ਦਸਤਖ਼ਤ ਕਰਨ ਅਤੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਤਿੰਨ ਮਹੀਨੇ ਧੂਆਂਧਾਰ ਪ੍ਰਚਾਰ ਕਰਨ ਲਈ ਪਸ਼ਚਾਤਾਪ ਕਰ ਲੈਣਾ ਚਾਹੀਦਾ ਹੈ। ਇਸ ਦੇ ਲਈ ਬਾਦਲ ਪਰਿਵਾਰ ਦੀ ਅਗਵਾਈ ਵਿੱਚ ਸਮੁੱਚੇ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਆਪਣੇ ਮੂੰਹ ਉਪਰ ਕਾਲਖ਼ ਮਲ਼ ਕੇ ਕਾਲਾ ਦਿਵਸ ਜ਼ਰੂਰ ਮਨਾਉਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਬਾਦਲ ਕਾਲੇ ਖੇਤੀ ਕਾਨੂੰਨਾਂ ਦੇ ਜਨਮਦਾਤਿਆਂ ਵਿਚੋਂ ਇੱਕ ਹੈ ਅਤੇ ਇਨਾਂ ਕਾਨੂੰਨਾਂ ਦਾ ਵੱਡਾ ਸਮਰਥਕ ਤੇ ਪ੍ਰਚਾਰਕ ਰਿਹਾ ਹੈ। ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਵਿਰਸਾ ਸਿੰਘ ਵਲਟੋਹਾ ਆਦਿ ਆਗੂਆਂ ਦੀਆਂ ਕਾਲੇ ਕਾਨੂੰਨਾਂ ਦੀ ਤਰੀਫ਼ ਕਰ ਦੀਆਂ ਵੀਡੀਓਜ਼ ਅਤੇ ਖ਼ਬਰਾਂ ਲੋਕਾਂ ਕੋਲ ਮੌਜ਼ੂਦ ਹਨ।
ਇਹ ਵੀ ਪੜੋ: ਸਿੱਧੂ ਨੇ ਕੈਪਟਨ ਨੂੰ ਘੱਲੀ ਚਿੱਠੀ, ਕਹੀਆਂ ਇਹ ਗੱਲਾਂ
ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ 600 ਤੋਂ ਜ਼ਿਆਦਾ ਕਿਸਾਨਾਂ ਤੇ ਮਜ਼ਦੂਰਾਂ ਦੀ ਮੌਤ ਲਈ ਅਕਾਲੀ ਦਲ ਬਾਦਲ ਓਨਾ ਹੀ ਜ਼ਿੰਮੇਵਾਰ ਹੈ ਜਿਨੀ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਬਾਦਲ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਤਾਂ ਆਮ ਲੋਕ ਵੜਨ ਨਹੀਂ ਦਿੰਦੇ। ਇਸੇ ਲਈ ਉਨ੍ਹਾਂ ਕਾਲਾ ਦਿਵਸ ਮਨਾਉਣ ਲਈ ਦਿੱਲੀ ਦਾ ਮੈਦਾਨ ਚੁਣਿਆ ਹੈ ਤਾਂ ਜੋ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦਾ ਘੱਟਾ ਲੋਕਾਂ ਦੀਆਂ ਅੱਖਾਂ ਵਿੱਚ ਪਾਇਆ ਜਾਵੇ।