ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੰਡੀਗੜ੍ਹ ਪ੍ਰਧਾਨ ਦੀ ਸ਼ੁੱਕਰਵਾਰ ਨੂੰ ਚੋਣ ਕੀਤੀ ਗਈ ਹੈ। ਇਸ ਦੌਰਾਨ ਭਾਜਪਾ ਨੇ ਸਾਬਕਾ ਮੇਅਰ ਅਰੁਣ ਸੂਦ ਨੂੰ ਆਪਣੇ ਪ੍ਰਧਾਨ ਵਜੋਂ ਚੁਣ ਲਿਆ ਹੈ। ਇਸ ਤੋਂ ਬਾਅਦ ਅਰੁਣ ਸੂਦ ਦੀ ਤਾਜਪੋਸ਼ੀ ਕੀਤੀ ਜਾਵੇਗੀ। ਇਸ ਸਬੰਧੀ ਭਾਜਪਾ ਨੇਤਾ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ।
ਚੰਡੀਗੜ੍ਹ ਭਾਜਪਾ ਦੇ ਨਵੇਂ ਪ੍ਰਧਾਨ ਅਰੁਣ ਸੂਦ ਨੇ ਪੱਤਰਕਾਰਾਂ ਨੇ ਕਿਹਾ ਕਿ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਧੜੇਬਾਜ਼ੀ ਨਹੀਂ ਹੈ, ਨਾ ਹੀ ਪਾਰਟੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੰਡ ਹੈ। ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਰਿਆਂ ਦੀ ਏਕਤਾ ਹੈ। ਸੂਦ ਨੇ ਕਿਹਾ ਕਿ ਸੰਜੇ ਟੰਡਨ ਦੀ ਅਗਵਾਈ ਹੇਠ ਚੰਡੀਗੜ੍ਹ ਭਾਜਪਾ ਜਿਸ ਮੁਕਾਮ ਤੱਕ ਪਹੁੰਚੀ ਹੈ, ਉਹ ਕੋਸ਼ਿਸ਼ ਕਰਨਗੇ ਕਿ ਉਸ ਨੂੰ ਬਰਕਰਾਰ ਰੱਖਣ। ਸੂਦ ਨੇ ਕਿਹਾ ਕਿ ਉਨ੍ਹਾਂ ਨੂੰ ਕੰਮ ਨੂੰ ਲੈ ਕੇ ਬਹੁਤ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਦੱਸਿਆ ਜਾਂਦਾ ਹੈ ਕਿ ਵੀਰਵਾਰ ਨੂੰ ਅਰੁਣ ਸੂਦ ਤੋਂ ਇਲਾਵਾ ਭਾਜਪਾ ਦੇ ਹੋਰ ਕਿਸੇ ਵੀ ਨੇਤਾ ਵੱਲੋਂ ਕਾਗਜ਼ ਨਹੀਂ ਭਰੇ ਗਏ ਸੀ। ਚੰਡੀਗੜ੍ਹ ਸੂਬਾ ਪ੍ਰਧਾਨ ਦੀ ਚੋਣ ਲਈ 39 ਮੈਂਬਰਾਂ ਨੇ ਸੂਦ ਦੇ ਨਾਂਅ ‘ਤੇ ਆਪਣੀ ਸਹਿਮਤੀ ਵਾਲੇ ਕਾਗਜ਼ਾਂ ‘ਤੇ ਦਸਤਖ਼ਤ ਕਰ ਕੇ ਪਾਰਟੀ ਦੇ ਕੌਮੀ ਸਕੱਤਰ ਸੱਤਿਆ ਕੁਮਾਰ ਕੋਲ ਭੇਜ ਦਿੱਤੇ ਸਨ। ਇਸ ਮੌਕੇ ਸੰਜੇ ਟੰਡਨ, ਕਿਰਨ ਖੇਰ , ਮੇਅਰ ਰਾਜਬਾਲਾ ਮਲਿਕ, ਸਾਬਕਾ ਮੇਅਰ ਆਸ਼ਾ ਜਸਵਾਲ ਸਮੇਤ ਹੋਰ ਬਹੁਤ ਸਾਰੇ ਪਾਰਟੀ ਦੇ ਸਿਆਸਤਦਾਨ ਤੇ ਵਰਕਰ ਹਾਜ਼ਰ ਸਨ।