ਚੰਡੀਗੜ੍ਹ: ਪੰਜਾਬ ਵਿੱਚ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਆਏ ਦਿਨ ਨਵੇਂ ਤੋਂ ਨਵੇਂ ਉਪਰਾਲੇ ਕਰ ਰਹੀ ਹੈ। ਇਸ ਲੜੀ ਦੇ ਤਹਿਤ ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ(Om Prakash Soni) ਨੇ 190 ਮੈਡੀਕਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਹ ਪੱਤਰ ਪੰਜਾਬ ਭਵਨ ਵਿਖੇ ਇੱਕ ਸਮਾਗਮ ਦੌਰਾਨ ਸੌਂਪੇ ਗਏ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ ਕੁੱਲ 35 ਜੱਚਾ ਬੱਚਾ ਸੈਂਟਰ ਹਨ। ਉਹਨਾਂ ਵਿੱਚ 21 ਜਿਲ੍ਹਾਂ ਹਸਪਤਾਲ, 11 ਸਬ ਡਵੀਜਨਲ ਹਸਪਤਾਲ ਅਤੇ 03 ਕਮਿਊਨਿਟੀ ਹੈਲਥ ਸੈਂਟਰ ਹਨ। ਉਹਨਾਂ ਨੇ ਕਿਹਾ ਕਿ ਜੱਚਾ ਬੱਚਾ ਸੈਂਟਰਾਂ ਦੇ ਲੇਬਰ ਰੂਮ ਵਿੱਚ 24X7 ਡਾਕਟਰਾਂ ਦੀ ਮੌਜੂਦਗੀ ਨਿਸ਼ਚਿਤ ਕਰਨ ਲਈ ਇਹ ਭਰਤੀ ਕੀਤੀ ਗਈ ਹੈ।

ਅੱਗੇ ਉਹਨਾਂ ਨੇ ਕਿਹਾ ਕਿ ਤੈਨਾਤੀਆਂ ਨਾਲ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਅਤ ਜਣੇਪਾ ਅਤੇ ਨਵ-ਜੰਮੇ ਬੱਚੇ ਦੀ ਲੋੜੀਂਦੀ ਦੇਖਭਾਲ, ਇਸ ਦੇ ਨਾਲ ਹੀ ਗਰਭਵਤੀ ਔਰਤ ਨੂੰ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਦੀਆਂ ਸੇਵਾਵਾਂ ਵਧੀਆ ਢੰਗ ਨਾਲ ਦਿੱਤੀਆਂ ਜਾ ਸਕਣਗੀਆਂ।
ਅੱਗੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਪੰਜਾਬ ਰਾਜ ਦੇ ਸ਼ਹਿਰੀ ਖੇਤਰ ਵਿੱਚ ਅਰਬਨ ਕਮਿਉਨਿਟੀ ਹੈਲਥ ਸੈਂਟਰ ਅਤੇ ਅਰਬਨ ਪੀ.ਐਚ.ਸੀ. ਵਿਖੇ ਖਾਲੀ ਪਈਆਂ ਮੈਡੀਕਲ ਅਫ਼ਸਰ ਦੀ ਅਸਾਮੀਆਂ ਨੂੰ ਵੀ ਜਲਦ ਭਰਿਆ ਜਾਵੇਗਾ।
ਰਾਜ ਦੇ ਪੇਂਡੂ ਖੇਤਰਾਂ ਵਿੱਚ ਟੈਲੀਮੈਡੀਸ਼ਨ ਸੇਵਾ ਪ੍ਰਦਾਨ ਕਰਨ ਲਈ ਡਾਕਟਰਾਂ ਦੀ ਨਿਯੁਕਤੀ ਟੈਲੀਮੈਡੀਸ਼ਨ ਹੱਬ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ਵੀ ਕੀਤੀ ਜਾਵੇਗੀ।

ਉਨ੍ਹਾਂ ਨੇ ਨਵ-ਨਿਯੁਕਤ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਅਫਸਰ ਪੂਰੀ ਲਗਨ, ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਅਤੇ ਲੋਕਾਂ ਨੂੰ ਇਲਾਜ ਸੁਵਿਧਾਵਾਂ ਵਿੱਚ ਕੋਈ ਕਮੀ ਨਾ ਛੱਡੀ ਜਾਵੇ। ਇਸ ਸਮਾਗਮ ਮੌਕੇ ਰਾਜ ਕਮਲ ਚੌਧਰੀ, ਪ੍ਰਮੁੱਖ ਸਕੱਤਰ (ਸਿਹਤ), ਡਾ. ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ, ਡਾ. ਓ.ਪੀ. ਗੋਜਰਾ, ਡਾਇਰੈਕਟਰ ਪਰਿਵਾਰ ਭਲਾਈ ਅਤੇ ਡਾ. ਅਰੀਤ ਕੌਰ, ਡਾਇਰੈਕਟਰ ਨੈਸ਼ਨਲ ਸਿਹਤ ਮਿਸ਼ਨ ਮੌਜੂਦ ਸਨ।
ਇਹ ਵੀ ਪੜ੍ਹੋ: ਇੰਜਨੀਅਰਿੰਗ ਕਾਲਜ ਦੇ ਸਟਾਫ਼ ਵੱਲੋਂ ਵਿੱਤ ਮੰਤਰੀ ਖ਼ਿਲਾਫ਼ ਪ੍ਰਦਰਸ਼ਨ