ਚੰਡੀਗੜ੍ਹ: ਪੂਰੇ ਦੇਸ਼ ਵਿੱਚ ਕੋਰੋਨਾਵਾਇਰਸ ਕਰਕੇ ਹਾਹਾਕਾਰ ਮਚੀ ਹੋਈ ਹੈ ਤੇ ਜਿਸ ਦੇ ਬਚਾਅ ਤੇ ਸੋਸ਼ਲ ਡਿਸਟੈਂਸ ਬਣਾਉਣ ਲਈ ਕਰਫਿਊ ਲਾਇਆ ਹੋਇਆ ਹੈ। ਇਸ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਕਈ ਲੋਕਾਂ ਦੀ ਮੁਸ਼ਕਿਲ ਦਾ ਹੱਲ ਵੀ ਕਰ ਰਿਹਾ ਹੈ।
ਉੱਥੇ ਹੀ ਚੰਡੀਗੜ੍ਹ ਦੀ ਮਲੋਆ ਕਾਲੋਨੀ ਵਿੱਚ ਆਂਧਰਾ ਬੈਂਕ ਦੀ ਮੋਬਾਈਲ ਏਟੀਐਮ ਵੈਨ ਪਹੁੰਚੀ ਤੇ ਲੋਕਾਂ ਨੇ ਪੈਸੇ ਕਢਵਾਏ। ਇਸ ਮੌਕੇ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਧਿਆਨ ਰੱਖਿਆ ਗਿਆ ਤੇ ਲੋਕਾਂ ਦਾ ਇਕੱਠ ਨਹੀਂ ਹੋਣ ਦਿੱਤਾ।
ਇਸ ਸਬੰਧੀ ਏਟੀਐਮ ਵੈਨ 'ਚੋਂ ਪੈਸੇ ਕਢਵਾਉਣ ਆਏ ਲੋਕਾਂ ਨੇ ਦੱਸਿਆ ਕਿ ਇਹ ਕਾਫ਼ੀ ਸੁਵਿਧਾਜਨਕ ਹੈ, ਕਿਉਂਕਿ ਜਿੱਥੇ ਕੋਰੋਨਾਵਾਇਰਸ ਦੇ ਡਰ ਨਾਲੋਂ ਘਰ ਤੋਂ ਬਾਹਰ ਜਾਣ ਵਿੱਚ ਡਰ ਰਹੇ ਸੀ ਉੱਥੇ ਹੀ ਪੈਸੇ ਕਢਵਾਉਣੇ ਵੀ ਜ਼ਰੂਰੀ ਸੀ। ਵੈਨ ਦੇ ਆਉਣ ਨਾਲ ਉਨ੍ਹਾਂ ਨੂੰ ਕਾਫ਼ੀ ਸੁਵਿਧਾ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਹੱਥ ਸੈਨੇਟਾਈਜ਼ ਕਰਵਾਏ ਗਏ ਤੇ ਜਿਸ ਨੂੰ ਪੈਸੇ ਕਢਵਾਉਣੇ ਨਹੀਂ ਆਉਂਦੇ ਸੀ, ਉਸ ਨੂੰ ਵੀ ਸਿਖਾਇਆ ਗਿਆ।
ਉੱਥੇ ਹੀ ਮੋਬਾਈਲ ਵੈਨ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਏ ਅਧਿਕਾਰੀ ਰਾਜੇਸ਼ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਂ 'ਤੇ ਮੋਬਾਈਲ ਵੈਨ ਦੀ ਸੁਵਿਧਾ ਦਿੱਤੀ ਹੋਈ ਹੈ ਜਿਸ ਵਿੱਚ ਏਟੀਐੱਮ ਲੱਗਿਆ ਹੋਇਆ ਹੈ ਤੇ ਲੋਕ ਦੂਰੀ ਬਣਾ ਕੇ ਪੈਸੇ ਕਢਵਾ ਸਕਦੇ ਹਨ।
ਦੱਸ ਦਈਏ, ਚੰਡੀਗੜ੍ਹ ਵਿੱਚ ਕੋਰੋਨਾ ਦੇ 13 ਸ਼ੱਕੀ ਮਰੀਜ਼ਾਂ ਦੇ ਮਾਮਲੇ ਸਾਹਮਣੇ ਆ ਗਏ ਹਨ ਜਿਸ ਕਰਕੇ ਲੋਕਾਂ ਵਿੱਚ ਕਾਫ਼ੀ ਖੌਫ਼ ਹੈ। ਇਸ ਦੇ ਚਲਦਿਆਂ ਪ੍ਰਸ਼ਾਸਨ ਲੋਕਾਂ ਦੇ ਬਚਾਅ ਲਈ ਕਈ ਅਹਿਮ ਕਦਮ ਚੁੱਕ ਰਿਹਾ ਹੈ।