ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਵਿੱਚ ਅੱਜ ਵੱਖ-ਵੱਖ ਸਮਾਜਿਕ ਸੰਸਥਾਵਾਂ ਸਣੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਅਤੇ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਆਪ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਉਹ ਲੁਧਿਆਣਾ ਵਿੱਚ ਯੂਥ ਨੂੰ ਮਜ਼ਬੂਤ ਕਰਨਗੇ।
ਆਮ ਆਦਮੀ ਪਾਰਟੀ 'ਚ ਹੋਰ ਵੀ ਵਰਕਰ ਸ਼ਾਮਲ ਹੋਣਗੇ
ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ 2002 ਦੇ ਵਿੱਚ ਕਾਂਗਰਸ ਦੀ ਸਰਕਾਰ ਸਮੇਂ ਅਕਾਲੀ ਦਲ ਵਰਕਰਾਂ ਨਾਲ ਧੱਕਾ ਕਰਦੀ ਸੀ ਅਤੇ ਕੱਲ੍ਹ ਰਾਤ ਕਈ ਉਨ੍ਹਾਂ ਦੇ ਸਾਥੀਆਂ ਦੀਆਂ ਗੱਡੀਆਂ ਦੀਆਂ ਚਾਬੀਆਂ ਖਿੱਚ ਲਈਆਂ ਗਈਆਂ ਤੇ ਬੱਚਿਆਂ ਦੀਆਂ ਕਸਮਾਂ ਪਵਾਈਆਂ ਗਈਆਂ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਾ ਹੋਣ ਦਿੱਤਾ ਜਾਵੇ ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਕਈ ਵਰਕਰ ਆਮ ਆਦਮੀ ਪਾਰਟੀ ਵਿੱਚ ਉਨ੍ਹਾਂ ਦੇ ਨਾਲ ਸ਼ਾਮਲ ਹੋਣਗੇ।
ਕੇਜਰੀਵਾਲ ਦੀਆਂ ਨੀਤੀਆਂ ਪ੍ਰਭਾਵਤਸ਼ਾਲੀ
ਆਮ ਆਦਮੀ ਪਾਰਟੀ ਲਗਾਤਾਰ ਕਿਸਾਨਾਂ ਦੇ ਵਿੱਚ ਵਿਚਰ ਰਹੀ ਹੈ ਤੇ ਅਕਾਲੀ ਦਲ ਕਿਸਾਨਾਂ ਲਈ ਕੁਝ ਨਹੀਂ ਕਰ ਰਿਹਾ ਕਿਉਂਕਿ ਉਹ ਖ਼ੁਦ ਦਿੱਲੀ ਬਾਰਡਰ 'ਤੇ ਜਾ ਕੇ ਦੇਖ ਕੇ ਆਏ ਹਨ ਤੇ ਲੋਕਾਂ ਵਿੱਚ ਵਿਚਰਨ ਵਾਲੀ ਪਾਰਟੀ ਤੇ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਜੇਕਰ ਬੈਠਕ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵਰਕਰਾਂ ਸਣੇ ਸਾਬਕਾ ਵਿਧਾਇਕ ਤੇ ਕਈ ਵੱਡੀਆਂ ਸ਼ਖ਼ਸੀਅਤਾਂ ਦੇ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਯੋਗਦਾਨ ਪਾਉਣਗੇ।
2022 ਵਿੱਚ 'ਆਪ' ਹੋਰ ਮਜ਼ਬੂਤੀ ਨਾਲ ਵੱਡੀਆਂ ਪਾਰਟੀਆਂ ਨੂੰ ਟੱਕਰ ਦੇਵੇਗੀ: ਚੀਮਾ
ਉਧਰ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜ਼ਿਲ੍ਹਾ ਕਮੇਟੀਆਂ ਬਣਾਉਣ ਸਣੇ ਜਿਹੜੇ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨਹੀਂ ਹਨ, ਉਥੇ ਜਨਰਲ ਸਕੱਤਰ ਲੈਵਲ ਦੇ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ, ਜੋ ਚੰਗੇ ਉਮੀਦਵਾਰ ਦੀ ਚੋਣ ਕਰਨ ਤੋਂ ਲੈ ਕੇ ਪੂਰੇ ਸਥਾਨਕ ਮੁੱਦਿਆਂ ਬਾਰੇ ਰਣਨੀਤੀ ਬਣਾਉਣਗੇ ਤੇ ਪੰਜਾਬ ਦੇ ਵਿੱਚ ਦੋ ਵੱਡੇ ਪਰਿਵਾਰਾਂ ਤੋਂ ਬਚਾਉਣ ਲਈ ਲੋਕ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ। ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਸੰਗਠਨ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ 2022 ਵਿੱਚ ਟੱਕਰ ਵੱਡੀਆਂ ਪਾਰਟੀਆਂ ਨੂੰ 2017 ਨਾਲੋਂ ਜ਼ਿਆਦਾ ਦੇਵੇਗੀ।