ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ 'ਚ ਚੱਲ ਰਹੇ ਕਾਟੋ ਕਲੇਸ ਨੂੰ ਲੈਕੇ ਵਿਰੋਧੀਆਂ ਵਲੋਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਕਈ ਦਿਨਾਂ ਤੋਂ ਪਹਿਲਾਂ ਕੈਪਟਨ ਅਤੇ ਸਿੱਧੂ ਵਿਚਾਲੇ ਟਵਿਟਰ ਵਾਰ ਚੱਲ ਰਹੀ ਸੀ 'ਤੇ ਹੁਣ ਵਿਧਾਇਕ ਪਰਗਟ ਸਿੰਘ ਵਲੋਂ ਕੈਪਟਨ 'ਤੇ ਧਮਕੀ ਦੇਣ ਦੇ ਇਲਜ਼ਾਮ ਲਗਾਏ ਹਨ। ਜਿਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ।
ਇਸ ਨੂੰ ਲੈਕੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਵਿਧਾਇਕ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਕਰ ਰਹੇ ਹਨ ਅਤੇ ਸਰਕਾਰ ਖਿਲਾਫ਼ ਜਦੋਂ ਆਪਣੇ ਹੀ ਪਾਰਟੀ ਦੇ ਵਿਧਾਇਕਾਂ ਨੇ ਸਵਾਲ ਚੁੱਕੇ ਤਾਂ ਉਨ੍ਹਾਂ ਨੂੰ ਚੁੱਪ ਕਰਵਾਉਣ ਲਈ ਜਾਂਚ ਦੀਆਂ ਫਾਇਲਾਂ ਖੋਲ੍ਹਣ ਦੀ ਧਮਕੀ ਦੇ ਰਹੀ ਤਾਂ ਜੋ ਵਿਧਾਇਕਾਂ ਨੂੰ ਅਵਾਜ ਬੁਲੰਦ ਕਰਨ ਤੋਂ ਬਲੈਕਮੇਲ ਕਰਕੇ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਭ੍ਰਿਸ਼ਾਟਾਚਾਰ ਦੀਆਂ ਫਾਇਲਾਂ ਤਿਆਰ ਸੀ ਤਾਂ ਕਾਰਵਾਈ 'ਚ ਦੇਰੀ ਕਿਉਂ ਕੀਤੀ ਗਈ।
ਇਸ ਦੇ ਨਾਲ ਹੀ ਆਪ ਵਿਧਾਇਕ ਮੀਤ ਹੇਅਰ ਵਲੋਂ ਸਰਕਾਰ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕਾਂਗਰਸ 'ਚ ਕੁਰਸੀ ਦੀ ਲੜਾਈ ਚੱਲ ਰਹੀ ਹੈ, ਜਿਸ ਕਾਰਨ ਸਰਕਾਰ ਕੋਰੋਨਾ ਦੀ ਮਹਾਂਮਾਰੀ 'ਚ ਵੀ ਆਪਣੀ ਕੁਰਸੀ ਦੀ ਹੌਂਦ ਬਚਾਉਣ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇ ਪਰ ਸਰਕਾਰ ਆਪਣੇ ਕਾਟੋ ਕਲੇਸ 'ਚ ਉਲਝੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਦੀ ਕੁਰਸੀ ਨੂੰ ਲੈਕੇ ਸੂਬੇ ਦੇ ਲੋਕ ਅਗਾਮੀ ਚੋਣਾਂ 'ਚ ਜਵਾਬ ਦੇਣਗੇ।
ਇਹ ਵੀ ਪੜ੍ਹੋ:ਮਾਮੂਲੀ ਵਿਵਾਦ ਤੋਂ ਬਾਅਦ ਖੂਨੀ ਝੜਪ, ਪੁਲਿਸ ਬਣੀ ਮੂਕਦਰਸ਼ਕ