ਚੰਡੀਗੜ੍ਹ: ਅੱਜ ਪੰਜਾਬ ਵਿਧਾਨਸਭਾ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਸਰਕਾਰ ਦਾ 2021-2022 ਬਜਟ ਪੇਸ਼ ਹੋਵੇਗਾ। ਜਿਸ ਵਿੱਚ ਕਿਸਾਨਾਂ ਸਣੇ ਸੂਬੇ ਦੇ ਲੋਕਾਂ ਨੂੰ ਕਿੰਨੀ ਰਾਹਤ ਮਿਲੇਗੀ ਇਹ ਤਾਂ ਅੱਜ ਸਵੇਰੇ 11 ਵਜੇ ਪਤਾ ਲੱਗ ਜਾਵੇਗਾ ਲੇਕਿਨ ਈਟੀਵੀ ਭਾਰਤ ਵੱਲੋਂ ਬਜਟ ਤੋਂ ਪਹਿਲਾਂ ਇਕੌਨੋਮਿਸਟ ਡਾਕਟਰ ਏ.ਸੀ ਵੈਦ ਨਾਲ ਖਾਸ ਗੱਲਬਾਤ ਕੀਤੀ।
ਇਸ ਖ਼ਾਸ ਗੱਲਬਾਤ ਵਿੱਚ ਇਕੌਨੋਮਿਸਟ ਡਾਕਟਰ ਏ.ਸੀ ਵੈਦ ਨੇ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੇ ਗਏ ਬਜਟ ਉੱਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰਦਿਆਂ ਕਿਹਾ ਕਿ ਲਗਾਤਾਰ ਕੇਂਦਰ ਸਰਕਾਰ ਵੱਲੋਂ ਰੂਰਲ ਡਿਵੈਲਪਮੈਂਟ ਲਈ ਬਜਟ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਦੱਸ ਨੱਬੇ ਦੀ ਰੇਸ਼ੋ ਤੋਂ ਪੰਜਾਬ ਹੁਣ ਸੱਠ ਚਾਲੀ ਦੀ ਰੇਸ਼ੋ ਮੁਤਾਬਕ ਫੰਡ ਦਿੱਤੇ ਜਾਂਦੇ ਹਨ ਜਿਸ ਨਾਲ ਪੰਜਾਬ ਨੂੰ ਲੀਹਾਂ ਉੱਤੇ ਚੜ੍ਹਨ ਵਿੱਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ।
ਇਸ ਤੋਂ ਇਲਾਵਾ ਅਕਾਲੀ ਦਲ ਗੱਠਜੋੜ ਭਾਜਪਾ ਅਤੇ ਹੁਣ ਮੌਜੂਦਾ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਡਾ. ਵੈਦ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਹੁਣ ਤੱਕ ਪੰਜਾਬ ਨੂੰ ਕਰਜ਼ੇ ਵਿੱਚੋਂ ਕੱਢਣ ਲਈ ਕੋਈ ਕੰਮ ਨਹੀਂ ਕੀਤਾ। ਲਗਾਤਾਰ ਸੂਬੇ ਵਿੱਚ ਵੱਧਦੀ ਜਾ ਰਹੀ ਮਹਿੰਗਾਈ ਅਤੇ ਇੰਡਸਟਰੀ ਵੱਲ ਧਿਆਨ ਨਾ ਦੇਣ ਕਾਰਨ ਸੂਬੇ ਵਿੱਚ ਇੰਡਸਟਰੀਲਿਸਟ ਪਲਾਇਨ ਕਰ ਰਹੇ ਹਨ।
ਇਸ ਦੌਰਾਨ ਡਾ. ਵੈਦ ਨੇ ਹਰਿਤ ਕ੍ਰਾਂਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਤੋਂ 30 ਸਾਲ ਪਹਿਲਾਂ ਸੂਬੇ ਵਿੱਚ ਬਹੁਤ ਵੱਡੀਆਂ ਇੰਡਸਟਰੀਆਂ ਸਨ। ਜਿਨ੍ਹਾਂ ਦਾ ਰਾਅ ਮਟੀਰੀਅਲ ਕਈ ਵਿਦੇਸ਼ਾਂ ਵਿੱਚ ਜਾਂਦਾ ਸੀ ਲੇਕਿਨ ਅੱਜ ਪੰਜਾਬ ਕਰਜ਼ਈ ਹੋ ਚੁੱਕਿਆ ਹੈ ਇਸ ਪਿੱਛੇ ਇੱਕ ਮੁੱਖ ਕਾਰਨ ਪੰਜਾਬ ਕਦੇ ਵੀ ਬੈਲੇਂਸ ਨਹੀਂ ਰਿਹਾ ਕਦੇ ਆਤੰਕਵਾਦ ਦੌਰ ਅਤੇ ਕਦੇ ਲੜਾਈਆਂ ਹੋਣ ਕਾਰਨ ਵੀ ਪੰਜਾਬ ਨੂੰ ਕਾਫ਼ੀ ਨੁਕਸਾਨ ਹੋਇਆ।
ਕਾਂਗਰਸ ਸਰਕਾਰ ਵੱਲੋਂ 2021 ਵਿੱਚ ਐਕਸਾਈਜ਼ ਵਿਭਾਗ ਤੋਂ 15 ਫ਼ੀਸਦੀ ਮਾਲੀਆ ਹਾਸਿਲ ਕਰ 5794 ਕਰੋੜ ਖਜ਼ਾਨੇ ਵਿੱਚ ਭਰਿਆ ਜਦਕਿ 2022 ਸਾਲ ਵਿੱਚ 7 ਹਜ਼ਾਰ ਤੋਂ ਵੱਧ ਦਾ ਟੀਚਾ ਰੱਖਿਆ ਗਿਆ ਹੈ ਤਾਂ ਉੱਥੇ ਹੀ ਬਿਜਲੀ ਮਹਿੰਗੀ ਹੋਣ ਕਾਰਨ ਸੂਬੇ ਵਿੱਚ ਸੋਲਰ ਪ੍ਰੋਜੈਕਟ ਉੱਪਰ ਲਗਾਤਾਰ ਸੂਬਾ ਸਰਕਾਰ ਕੰਮ ਕਰ ਰਹੀ ਹੈ। ਉਸ ਬਾਰੇ ਵੀ ਬਜਟ ਵਿੱਚ ਚਰਚਾ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਡਾ. ਏਸੀ ਵੈਦ ਮੁਤਾਬਕ ਹਰ ਸਰਕਾਰ ਨੂੰ ਪ੍ਰਾਇਮਰੀ ਸੈਕਟਰ ਖੇਤੀਬਾੜੀ ਸੈਕੰਡਰੀ ਸੈਕਟਰ ਇੰਡਸਟਰੀ ਅਤੇ ਟ੍ਰੇਜਰੀ ਸੈਕਟਰ ਵੱਲ ਮੁੱਖ ਧਿਆਨ ਦੇਣ ਦੀ ਲੋੜ ਹੈ ਹਾਲਾਂਕਿ ਐੱਮਐੱਸਐੱਮਈ ਸੈਕਟਰ ਤੋਂ ਇਲਾਵਾ ਸੂਬੇ ਵਿੱਚ ਫ਼ਸਲੀ ਚੱਕਰਵਾਤ ਚੋਂ ਕਿਸਾਨਾਂ ਨੂੰ ਕੱਢਣ ਦੀ ਜ਼ਰੂਰਤ ਹੈ ਅਤੇ ਕਿਸਾਨਾਂ ਨੂੰ ਬਾਰਡਰ ਏਰੀਏ ਵਿੱਚ ਕਾਟਨ ਦੀ ਕਾਸ਼ਤ ਕਰਨ ਸਣੇ ਪੰਜਾਬ ਦੇ ਕਿਸਾਨਾਂ ਨੂੰ ਹਰਿਤ ਕ੍ਰਾਂਤੀ ਵਾਂਗ ਦਾਲਾਂ ਦੀ ਕਾਸ਼ਤ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸੂਬੇ ਲਈ ਵਿਦੇਸ਼ਾਂ ਤੋਂ ਆਉਣ ਵਾਲੀ ਦਾਲਾਂ ਲਈ ਖਰਚ ਕੀਤੇ ਜਾਣ ਵਾਲੇ ਹਜ਼ਾਰਾਂ ਕਰੋੜ ਰੁਪਏ ਬਚਾਏ ਜਾ ਸਕਣ ਅਤੇ ਉਨ੍ਹਾਂ ਪੈਸਿਆਂ ਨੂੰ ਕਿਸਾਨਾਂ ਵੱਲੋਂ ਸਬਜ਼ੀਆਂ ਉੱਪਰ ਐੱਮਐੱਸਪੀ ਦੇ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ।
ਹਾਲਾਂਕਿ ਡਾਕਟਰ ਏਸੀ ਵੈਦ ਨੇ ਇਹ ਵੀ ਕਿਹਾ ਕਿ ਉਹ ਪੰਜਾਬੀਆਂ ਨੂੰ ਜਰਮਨ ਅਤੇ ਜੈਪਨੀਜ਼ ਲੋਕਾਂ ਨਾਲ ਕੰਪੇਅਰ ਕਰਦੇ ਹਨ ਕਿਉਂਕਿ ਪੰਜਾਬੀ ਵੀ ਜਰਮਨ ਤੇ ਜਾਪਾਨੀਆਂ ਵਾਂਗ ਮਿਹਨਤਕਸ਼ ਲੋਕ ਹਨ।