ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਲੋਟ ਵਿਖੇ ਕਰਵਾਏ ਗਏ 'ਗੁਰੂ ਨਾਨਕ ਉਤਸਵ' ਨੂੰ ਸਫ਼ਲ ਬਣਾਉਣ ਲਈ ਹਲਕਾ ਮਲੋਟ ਵਾਸੀਆਂ ਦਾ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਇਹ ਉਤਸਵ 27 ਨਵੰਬਰ ਨੂੰ ਮਲੋਟ ਦੇ ਦਾਣਾ ਮੰਡੀ ਵਿਖੇ ਕਰਵਾਇਆ ਗਿਆ ਸੀ।
ਅਜਾਇਬ ਸਿੰਘ ਭੱਟੀ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਕ ਮਕਸਦ ਲੋਕਾਂ ਅਤੇ ਖ਼ਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਫਲਸਫੇ ਨਾਲ ਜੋੜਨਾ ਸੀ। ਇਸ ਵਿੱਚ ਅਸੀਂ ਸਫ਼ਲ ਵੀ ਰਹੇ ਅਤੇ ਇਸ ਉਤਸਵ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਗੁਰੂ ਸਾਹਿਬ ਦੇ ਫ਼ਲਸਫੇ ਬਾਰੇ ਕਰਵਾਏ ਗਏ ਭਾਸ਼ਣ ਮੁਕਾਬਲੇ ਵਿੱਚ ਬੱਚਿਆਂ ਦਾ ਰੁਝਾਨ ਅਤੇ ਗਿਆਨ ਵੇਖਣਯੋਗ ਸੀ।
ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦਾ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦਾ ਸੰਦੇਸ਼ ਅੱਜ ਵੀ ਸਫ਼ਲ ਅਤੇ ਸਬਰ-ਸੰਤੋਖ ਵਾਲੀ ਜ਼ਿੰਦਗੀ ਦਾ ਮੂਲ ਮੰਤਰ ਹੈ। ਉਨ੍ਹਾਂ ਨੇ ਇਸ ਸਮਾਗਮ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ, ਨਾਰਥ ਜ਼ੋਨ ਕਲਚਰਲ ਸੈਂਟਰ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਸੰਗੀਤ ਨਾਟਕ ਅਕਾਦਮੀ ਨੂੰ ਵਧਾਈ ਦਿੱਤੀ ਹੈ। ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸਮਾਗਮ ਯਾਦਗਾਰੀ ਬਣ ਸਕਿਆ।
ਅਜਾਇਬ ਸਿੰਘ ਭੱਟੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਤੇਰਾ-ਤੇਰਾ ਸੰਦੇਸ਼ 'ਤੇ ਪਹਿਰਾ ਦਿੰਦਿਆਂ ਜ਼ਰੂਰਤਮੰਦ ਵਿਅਕਤੀਆਂ ਨੂੰ 13 ਟਰਾਈਸਿਕਲ, 13 ਸਿਲਾਈ ਮਸ਼ੀਨਾਂ, 13 ਕੰਬਲ, 13 ਸਕੂਲ ਬੈਗ ਵੰਡੇ ਗਏ। ਉਨ੍ਹਾਂ ਪੰਜਾਬੀ ਗਾਇਕ ਬਲਕਾਰ ਸਿੱਧੂ ਅਤੇ ਸੂਫੀ ਗਾਇਕ ਮਮਤਾ ਜੋਸ਼ੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਨਾਨਕ ਉਤਸਵ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਸੰਗੀਤਮਈ ਸ਼ਰਧਾਂਜਲੀ ਦਿੱਤੀ।