ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੇ ਦੋ ਅਹਿਮ ਸੂਬਿਆਂ ਵਿੱਚ ਪਾਕਿਸਤਾਨੀ ਖੂਫੀਆ ਏਜੰਸੀਆਂ (Pak intelligence Agencies) ਨੇ ਅੱਤਵਾਦੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਪਿਛਲੇ ਦਿਨਾਂ ਤੋਂ ਮਾਡਿਊਲ ਫੜੇ ਜਾ ਰਹੇ ਹਨ, ਦੋਵੇਂ ਸੂਬਿਆਂ ਦੀ ਪੁਲਿਸ ਵੱਲੋਂ ਇਨ੍ਹਾਂ ਸਰਗਰਮੀਆਂ ਪਿੱਛੇ ਪਾਕਿਸਤਾਨੀ ਏਜੰਸੀ ਦਾ ਹੱਥ ਤੇ ਸਮਰਥਨ ਹੋਣ ਦੀ ਗੱਲ ਕਹੀ ਹੈ। ਜਿਥੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਜਨਾਲਾ ਟਿਫਨ ਬੰਬ ਧਮਾਕੇ (ਆਈਈਡੀ ਬਲਾਸਟ) ਪਿੱਛੇ ਆਈਐਸਆਈ (ISI) ਦੇ ਉੱਚ ਅਹੁਦੇਦਾਰ ਕਾਸਿਮ ਅਤੇ ਪਾਕਿ ਏਜੰਸੀਆਂ ਨਾਲ ਕਥਿਤ ਤੌਰ ‘ਤੇ ਜੁੜੇ ਬਾਬਾ ਲਖਬੀਰ ਸਿੰਘ ਰੋਡੇ ਵੱਲੋਂ ਘੜੀ ਸਾਜਸ਼ ਦੱਸ ਰਹੇ ਹਨ, ਉਥੇ ਉੱਤਰ ਪ੍ਰਦੇਸ਼ ਦੇ ਏਡੀਜੀਪੀ ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਪ੍ਰਯਾਗਰਾਜ ਵਿਖੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਸ ਸਬੰਧ ਵਿੱਚ ਫੜੇ ਗਏ ਤਿੰਨ ਸ਼ਕੀਆਂ ਦਾ ਪਾਕਿ ਕੁਨੈਕਸ਼ਨ ਦੀ ਤਲਾਸ਼ ਕਰਨ ਦੀ ਗੱਲ ਕਹੀ ਹੈ।
ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੰਜਾਬ ਵਿੱਚ ਮੁੱਖ ਮੰਤਰੀ ਪਿਛਲੇ ਲੰਮੇ ਸਮੇਂ ਤੋਂ ਸਰਹੱਦ ਪਾਰ ਤੋਂ ਗੜਬੜੀ ਦੀਆਂ ਕੋਸ਼ਿਸ਼ਾਂ ਕਰਨ ਦੀ ਗੱਲ ਕਹਿੰਦੇ ਆ ਰਹੇ ਹਨ। ਹੁਣ ਯੂਪੀ ਦੇ ਪ੍ਰਯਾਗ ਰਾਜ ਵਿਖੇ ਅੱਤਵਾਦੀ ਮਾਡਿਊਲ ਦਾ ਖੁਲਾਸਾ ਹੋਇਆ ਹੈ।
ਇਸ ਖੁਲਾਸੇ ਤੋਂ ਹੁਣ ਜਾਂਚ ਏਜੰਸੀਆਂ (Investigation Agencies) ਇਸ ਗੱਲ ਦੀ ਤਫ਼ਤੀਸ਼ ਕਰ ਰਹੀਆਂ ਹਨ ਕਿ ਅਜਨਾਲਾ ਵਿਖੇ ਟਿਫਨ ਬੰਬ (Ajnala Tiffen Blast) ਵਿੱਚ ਇਸਤੇਮਾਲ ਕੀਤਾ ਆਈਈਡੀ ਅਤੇ ਪ੍ਰਯਾਗਰਾਜ (Paryagraj) ਵਿਖੇ ਮਿਲੇ ਆਈਈਡੀ ਦੀ ਕਿਸਮ ਇੱਕੋ ਹੈ ਜਾਂ ਨਹੀਂ। ਸੂਤਰ ਦੱਸਦੇ ਹਨ ਕਿ ਇਹ ਇਸ ਲਈ ਵੀ ਸੰਭਵ ਹੋ ਸਕਦਾ ਹੈ, ਕਿਉਂਕਿ ਦੋਵੇਂ ਥਾਵਾਂ ‘ਤੇ ਆਈਐਸਆਈ ਕੁਨੈਕਸ਼ਨ ਦਿਸ ਰਿਹਾ ਹੈ। ਪੰਜਾਬ ਟਿਫਨ ਬੰਬ ਮਾਮਲੇ ਵਿੱਚ ਜਿਥੇ ਬਾਬਾ ਲਖਬੀਰ ਸਿੰਘ ਰੋਡੇ ਤੇ ਆਈਐਸਆਈ ਅਹੁਦੇਦਾਰ ਕਾਸਿਮ ਦੀ ਭੂਮਿਕਾ ਦਾ ਖੁਲਾਸਾ ਹੋਇਆ ਹੈ, ਉਥੇ ਪ੍ਰਯਾਗਰਾਜ ਵਿੱਚ ਆਈਈਡੀ ਬੰਬ ਜਿਸ਼ਾਨ ਨਾਮੀ ਇੱਕ ਅਜਿਹੇ ਵਿਅਕਤੀ ਦੀ ਨਿਸ਼ਾਨਦੇਹੀ ‘ਤੇ ਮਿਲਿਆ ਹੈ, ਜਿਹੜਾ ਕਿ ਸਾਊਦੀ ਅਰਬ ਵਿਖੇ ਰਹਿ ਕੇ ਆਇਆ ਹੈ ਅਤੇ ਯੂਪੀ ਪੁਲਿਸ ਦਾ ਇਹ ਦਾਅਵਾ ਹੈ ਕਿ ਉਹ ਪਾਕਿਸਤਾਨ ਫੌਜ ਕੋਲੋਂ 15 ਦਿਨ ਦੀ ਸਿਖਲਾਈ ਵੀ ਲੈ ਕੇ ਆਇਆ ਹੈ।
ਜਿਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਅਤੇ ਯੂਪੀ ਦੇ ਏਟੀਐਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਸਾਂਝੇ ਆਪਰੇਸ਼ਨ ਵਿੱਚ ਛਾਪੇਮਾਰੀ ਕਰਕੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਦੇ ਤਾਰ ਆਈਐਸਆਈ ਨਾਲ ਜੁੜੇ ਹੋਣ ਬਾਰੇ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਤਿਉਹਾਰਾਂ ਦੇ ਸੀਜਨ ‘ਚ ਸਰਗਰਮੀ ਖਤਰਨਾਕ
ਅਜਨਾਲਾ ਵਿਖੇ ਟਿਫਨ ਬੰਬ ਧਮਾਕੇ ਪਿੱਛੇ ਜਿਨ੍ਹਾਂ ਲੋਕਾਂ ਦਾ ਹੱਥ ਦੱਸਿਆ ਗਿਆ ਹੈ, ਉਨ੍ਹਾਂ ਬਾਰੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਹੈ ਕਿ ਇਹ ਧਮਾਕਾ ਸੁਤੰਤਰਤਾ ਦਿਹਾੜੇ ‘ਤੇ ਕੀਤਾ ਜਾਣਾ ਸੀ ਪਰ ਕਿਸੇ ਕਾਰਣ ਯੋਜਨਾ ਸਿਰੇ ਨਹੀਂ ਚੜ੍ਹ ਸਕੀ। ਇਸ ਨਾਲ ਜਿਥੇ ਭੀੜ ਭਾੜ ਵਾਲੇ ਸਮਾਗਮ ਵਿੱਚ ਵੱਡਾ ਬਚਾਅ ਹੋ ਗਿਆ, ਉਥੇ ਤੇਲ ਟੈਂਕਰ ਵਿੱਚ ਵੀ ਟੈਂਕਰ ਨਹੀਂ ਸੀ, ਨਹੀਂ ਤਾਂ ਅਜਨਾਲਾ ਵਿਖੇ ਸੰਭਾਵੀ ਬੰਬ ਧਮਾਕਾ ਕਾਫੀ ਵੱਡਾ ਹੁੰਦਾ ਤੇ ਸੁਤੰਤਰਤਾ ਦਿਹਾੜੇ ‘ਤੇ ਜਿਹੜਾ ਨੁਕਸਾਨ ਨਹੀਂ ਸੀ ਹੋਇਆ, ਉਹ ਨੁਕਸਾਨ ਹੁਣ ਹੁੰਦਾ। ਦੂਜੇ ਪਾਸੇ ਯੂਪੀ ਦੇ ਏਡੀਜੀਪੀ ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਕਿਹਾ ਹੈ ਕਿ ਦਹਿਸ਼ਤਗਰਦ ਤਿਉਹਾਰਾਂ ਦੇ ਸੀਜਨ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਅਜੇ ਇੱਕ ਆਈਈਡੀ ਬੰਬ ਮਿਲ ਗਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਯੂਪੀ ਪੁਲਿਸ ਦੀ ਏਟੀਐਸ ਇਸ ਗੱਲ ‘ਤੇ ਜੋਰ ਦੇ ਕੇ ਕੰਮ ਕਰ ਰਹੀ ਹੈ ਕਿ ਯੂਪੀ ਤੇ ਪੰਜਾਬ ਵਿੱਚ ਸਰਗਰਮ ਦਹਿਸ਼ਤ ਗਰਦਾਂ ਪਿੱਛੇ ਇੱਕੋ ਏਜੰਸੀ ਤੇ ਦਿਮਾਗ ਕੰਮ ਕਰ ਰਿਹਾ ਹੈ। ਸੂਤਰਾਂ ਮੁਤਾਬਕ ਏਟੀਐਸ (ATS) ਇਥੋਂ ਤੱਕ ਜਾਂਚ ਕਰ ਚੁੱਕੀ ਹੈ ਕਿ ਪੰਜਾਬ ਦੇ ਅਜਨਾਲਾ ਵਿਖੇ ਹੋਏ ਬੰਬ ਧਮਾਕੇ ਵਿੱਚ ਇਸਤੇਮਾਲ ਹੋਇਆ ਆਈਈਡੀ ਤੇ ਪ੍ਰਯਾਗਰਾਜ ਵਿਖੇ ਡਿਫਿਊਜ਼ ਕੀਤਾ ਆਈਈਡੀ ਇੱਕੋ ਕਿਸਮ ਦੇ ਹਨ।
ਇਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਪੁਲਿਸ ਤੇ ਸਰਹੱਦ ‘ਤੇ ਤਾਇਨਾਤ ਕੇਂਦਰੀ ਪੁਲਿਸ ਬਲ (Central Forces) ਇਸ ਗੱਲ ਦਾ ਦਾਅਵਾ ਕਰ ਚੁੱਕੇ ਹਨ ਕਿ ਪਾਕਿਸਤਾਨ ਤੋਂ ਆਏ ਡਰੋਨਾਂ ਰਾਹੀਂ ਪੰਜਾਬ ਵਿੱਚ ਅਸਲਾ ਭੇਜਿਆ ਜਾਂਦਾ ਹੈ। ਇਸ ਨਾਲ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਡਰੋਨ ਰਾਹੀਂ ਪੰਜਾਬ ਵਿੱਚ ਆਉਂਦੇ ਹਥਿਆਰ ਜਾਂ ਵਿਸਫੋਟਕ ਸਮੱਗਰੀ ਉੱਤਰ ਪ੍ਰਦੇਸ਼ ਵੱਲ ਵੀ ਘੱਲੀ ਜਾਂਦੀ ਹੋਵੇ। ਇਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਸੀ, ਜਿਸ ਬਾਰੇ ਖੁਲਾਸਾ ਕੀਤਾ ਗਿਆ ਸੀ ਕਿ ਉਹ ਪਾਕਿ ਏਜੰਸੀਆਂ ਲਈ ਜੈਪੁਰ ਜਾ ਕੇ ਸੀਆਈਡੀ ਹਾਸਲ ਕਰਦਾ ਰਿਹਾ ਹੈ ਤੇ ਇਸ ਲਈ ਉਸ ਨੂੰ ਪੈਸੇ ਮਿਲਦੇ ਸੀ।