ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਮਹਿਲਾ ਵਿੰਗ ਵੱਲੋਂ ਪੰਜਾਬ ਸਮੇਤ ਦੇਸ਼ ’ਚ ਔਰਤਾਂ ਅਤੇ ਕਿਸਾਨਾਂ ਖਿਲਾਫ਼ ਭਾਜਪਾ ਆਗੂਆਂ ਵੱਲੋਂ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਅਤੇ ਹਮਲੇ ਕਰਨ ਵਿਰੁੱਧ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਮਹਿਲਾਂ ਵਰਕਰਾਂ ਵਲੋਂ ਜਿਥੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ, ਉਥੇ ਹੀ ਭਾਜਪਾ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜੀ ਵੀ ਕੀਤੀ ਗਈ।
- " class="align-text-top noRightClick twitterSection" data="">
ਪ੍ਰਦਰਸ਼ਨ ਕਰ ਰਹੀਆਂ 'ਆਪ' ਦੀਆਂ ਮਹਿਲਾ ਵਿੰਗ ਦੀਆਂ ਵਰਕਰਾਂ ਨੂੰ ਭਾਜਪਾ ਦਫ਼ਤਰ ਜਾਣ ਤੋਂ ਰੋਕਣ ਲਈ ਚੰਡੀਗੜ੍ਹ ਪੁਲੀਸ ਵੱਲੋਂ ਲਾਠੀਚਾਰਜ ਅਤੇ ਜਲ ਤੋਪਾਂ ਦੀ ਵਰਤੋਂ ਵੀ ਕੀਤੀ ਗਈ। ਇਸ ਦੌਰਾਨ ‘ਆਪ’ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਯੂਥ ਆਗੂ ਅਨਮੋਲ ਗਗਨ ਮਾਨ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਦੱਸ ਦਈਏ ਕਿ ਐਤਵਾਰ ਨੂੰ ਭਾਜਪਾ ਦੇ ਸੂਬਾ ਦਫ਼ਤਰ ਦਾ ਘਿਰਾਓ ਕਰਨ ਲਈ 'ਆਪ' ਦੇ ਮਹਿਲਾ ਵਿੰਗ ਦੇ ਵਰਕਰ ਚੰਡੀਗੜ੍ਹ ਦੇ ਸੈਕਟਰ 37 ਵਿੱਚ ਇੱਕਠੇ ਹੋਏ ਅਤੇ ਜਿਥੋਂ ਉਨ੍ਹਾਂ ਭਾਜਪਾ ਦਫ਼ਤਰ ਵੱਲ ਮਾਰਚ ਸ਼ੁਰੂ ਕੀਤਾ।
ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਦੇ ਕਾਰਨ ਭਾਰਤੀ ਜਨਤਾ ਪਾਰਟੀ ਦੇ ਵਰਕਰ ਗੁੰਡਿਆਂ ਦਾ ਰੂਪ ਧਾਰ ਚੁੱਕੇ ਹਨ। ਭਾਜਪਾ ਦੇ ਇਹ ਗੁੰਡੇ ਪੰਜਾਬ ਸਮੇਤ ਦੇਸ਼ ਭਰ ’ਚ ਔਰਤਾਂ ਨਾਲ ਬਦਸਲੂਕੀ ਕਰਦੇ ਹਨ ਅਤੇ ਔਰਤਾਂ ’ਤੇ ਜਿਸਮਾਨੀ ਹਮਲੇ ਕਰਦੇ ਹਨ। ਸੂਬਾ ਸਰਕਾਰਾਂ ਇਨ੍ਹਾਂ ਗੁੰਡਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੀਆਂ ਹਨ।
ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਸੱਤਾ ਦੇ ਹੰਕਾਰ ’ਚ ਭਾਜਪਾ ਆਗੂ ਦੇਸ਼ ਦੀਆਂ ਸੁਚੱਜੀਆਂ ਕਦਰਾਂ ਕੀਮਤਾਂ ਭੁੱਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਦੀ ਪੁਲਿਸ ਵੀ ਔਰਤਾਂ ਅਤੇ ਕਿਸਾਨਾਂ ’ਤੇ ਜ਼ੁਲਮ ਕਰਨ ਨੂੰ ਆਪਣੀ ਪ੍ਰਾਪਤੀ ਸਮਝਣ ਲੱਗੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਜ਼ਿੰਮੇਵਾਰ ਪੁਲਿਸ ਗੁੰਡਿਆਂ ਦਾ ਸਾਥ ਦੇ ਰਹੀ ਹੈ ਅਤੇ ਸੂਬਾਈ ਅਤੇ ਕੇਂਦਰੀ ਮਹਿਲਾ ਕਮਿਸ਼ਨ ਔਰਤਾਂ ਦੇ ਮਾਮਲਿਆਂ ’ਤੇ ਚੁੱਪਧਾਰੀ ਬੈਠੇ ਹਨ।
ਇਹ ਵੀ ਪੜ੍ਹੋ:ਜ਼ਿੰਮੇਵਾਰ SDM ਨੂੰ ਜਲਦ ਸਿਖਾਇਆ ਜਾਵੇਗਾ ਸਬਕ: ਮਨਜੀਤ ਧਨੇਰ
ਭਾਜਪਾ ਦੇ ਦਫ਼ਤਰ ਵੱਲ ਵੱਧ ਰਹੀਆਂ ਮਹਿਲਾ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੀਆਂ ਰੋਕਾਂ ਨੂੰ ਤੋੜਦੀਆਂ ਅੱਗੇ ਵਧਦੀਆਂ ਗਈਆਂ। ਪੁਲੀਸ ਨੇ ਉਨ੍ਹਾਂ ’ਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਅਤੇ ਲਾਠੀਚਾਰਜ ਵੀ ਕੀਤਾ। ਪੁਲਿਸ ਵੱਲੋਂ ਕੀਤੇ ਲਾਠੀਚਾਰਜ ਕਾਰਨ ਬਹੁਤ ਸਾਰੀਆਂ ਔਰਤਾਂ ਨੂੰ ਸੱਟਾਂ ਵੀ ਲੱਗੀਆਂ।
ਗੌਰਤਲਬ ਹੈ ਕਿ ਪਿਛਲੇ ਦਿਨੀਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਚੰਡੀਗੜ੍ਹ ਫੇਰੀ ਦੌਰਾਨ ਕਿਸਾਨਾਂ ਵਲੋਂ ਮੌਕੇ 'ਤੇ ਪਹੁੰਚ ਕੇ ਉਸ ਦਾ ਵਿਰੋਧ ਕੀਤਾ ਗਿਆ ਸੀ। ਇਸ ਵਿਰੋਧ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਮਹਿਲਾ ਕਿਸਾਨ ਨਾਲ ਬਦਸਲੂਕੀ ਕੀਤੀ ਗਈ ਸੀ , ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਮਹਿਲਾਵਾਂ ਖਿਲਾਫ਼ ਵੱਧ ਰਹੇ ਭਾਜਪਾ ਦੇ ਜ਼ੁਲਮ ਨੂੰ ਲੈਕੇ 'ਆਪ' ਦੇ ਮਹਿਲਾ ਵਿੰਗ ਵਲੋਂ ਇਹ ਵਿਰੋਧ ਕੀਤਾ ਗਿਆ ਸੀ।