ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੋਰੋਨਾ ਮਰੀਜ਼ਾਂ ਲਈ ਸਰਕਾਰ ਵੱਲੋਂ ਬਣਾਏ ਗਏ ਕੋਵਿਡ-19 ਕੇਅਰ ਸੈਂਟਰਾਂ ਦੀ ਬੇਹੱਦ ਘਟੀਆ ਹਾਲਤ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੀ ਨਾਲਾਇਕੀ ਅਤੇ ਲਾਪਰਵਾਹੀ ਕਾਰਨ ਸਰਕਾਰੀ ਕੋਰੋਨਾ ਕੇਅਰ ਸੈਂਟਰ ਕੋਰੋਨਾ ਦੀ ਬਿਮਾਰੀ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਰੂਪ ਧਾਰ ਚੁੱਕੇ ਹਨ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਠਿੰਡਾ, ਭੀਖੀ (ਮਾਨਸਾ), ਸੰਘੇੜਾ (ਬਰਨਾਲਾ) ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਸਥਾਪਿਤ ਕੋਰੋਨਾ ਕੇਅਰ ਸੈਂਟਰਾਂ 'ਚ ਪ੍ਰਬੰਧਾਂ ਦਾ ਬੁਰਾ ਹਾਲ ਹੈ। ਡਾਕਟਰ ਅਤੇ ਸਟਾਫ਼ ਮਰੀਜ਼ਾਂ ਨੂੰ ਲੋੜ ਮੁਤਾਬਿਕ ਦਵਾ-ਦਵਾਈ ਅਤੇ ਅਟੈਂਡ ਨਹੀਂ ਕਰ ਪਾ ਰਹੇ, ਕਿਉਂਕਿ ਸਰਕਾਰ ਡਾਕਟਰਾਂ ਅਤੇ ਸਹਾਇਕ ਮੈਡੀਕਲ ਸਟਾਫ਼ ਨੂੰ ਲੋੜੀਂਦੀਆਂ ਸੁਰੱਖਿਆ ਕਿੱਟਾਂ ਵੀ ਉਪਲਬਧ ਨਹੀਂ ਕਰਵਾ ਸਕੀ।
ਕੋਰੋਨਾ ਤੋਂ ਇਲਾਵਾ ਜੋ ਮਰੀਜ਼ ਹੋਰ ਬਿਮਾਰੀਆਂ ਦੇ ਸ਼ਿਕਾਰ ਸਨ, ਉਨ੍ਹਾਂ ਦਾ ਹੋਰ ਵੀ ਜ਼ਿਆਦਾ ਬੁਰਾ ਹਾਲ ਹੈ, ਕਿਉਂਕਿ ਇਨ੍ਹਾਂ ਸਰਕਾਰੀ ਸੈਂਟਰਾਂ 'ਚ ਦਵਾਈਆਂ ਦੀ ਕਮੀ ਵੱਡੀ ਸਮੱਸਿਆ ਬਣੀ ਹੋਈ ਹੈ। ਸਫ਼ਾਈ ਸਮੇਤ ਦੂਸਰੇ ਘਟੀਆ ਪ੍ਰਬੰਧਾਂ ਕਾਰਨ ਮਰੀਜ਼ ਮਾਨਸਿਕ ਤੌਰ 'ਤੇ ਟੁੱਟ ਰਹੇ ਹਨ।
ਪਹਿਲਾ ਅੰਮ੍ਰਿਤਸਰ ਦੇ ਹਸਪਤਾਲ 'ਚੋਂ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਅਤੇ ਹੁਣ ਬਠਿੰਡਾ ਦੇ ਕੇਅਰ ਸੈਂਟਰ 'ਚੋਂ ਮਰੀਜ਼ਾਂ ਦੀ ਦੁਹਾਈ ਸਾਬਤ ਕਰਦੀ ਹੈ ਕਿ ਕੋਰੋਨਾ ਦੇ ਨਾਂ 'ਤੇ ਸੂਬੇ ਦੇ ਲੋਕਾਂ ਨੂੰ ਪਾਬੰਦੀਆਂ 'ਚ ਪੀਸ ਰਹੀ ਪੰਜਾਬ ਸਰਕਾਰ ਕੋਰੋਨਾ ਦੇ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਲੋੜੀਂਦੇ ਮੁੱਢਲੇ ਪ੍ਰਬੰਧ ਕਰਨੋਂ ਵੀ ਅਸਮਰਥ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਦਿੱਲੀ ਸਰਕਾਰ ਤੋਂ ਸਬਕ ਸਿੱਖਣ ਦੀ ਹਿਦਾਇਤ ਵੀ ਦਿੱਤੀ। ਚੀਮਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ 'ਸਿਸਵਾ ਫਾਰਮ ਹਾਊਸ' 'ਚੋਂ ਬਾਹਰ ਨਿਕਲ ਕੇ ਜ਼ਮੀਨੀ ਹਕੀਕਤ ਦਾ ਸਾਹਮਣਾ ਕਰਨ।