ਚੰਡੀਗੜ੍ਹ: ਦਲਿਤ ਵਿਦਿਆਰਥੀਆਂ ਨਾਲ ਹੋਏ ਸਕਾਲਰਸ਼ਿਪ ਦੇ ਘਪਲੇ ਵਿੱਚ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲਿਨ ਚਿੱਟ ਮਿਲਣ 'ਤੇ ਆਮ ਆਦਮੀ ਪਾਰਟੀ ਦੇ ਆਗੂ ਸੀਸਵਾਂ ਡੈਮ 'ਤੇ ਮੁੱਖ ਮੰਤਰੀ ਦਾ ਫਾਰਮ ਹਾਊਸ ਘੇਰਨ ਲਈ ਪਹੁੰਚੇ। ਇਥੇ ਉਨ੍ਹਾਂ ਨੂੰ ਬੈਰੀਅਰ 'ਤੇ ਹੀ ਰੋਕ ਦਿੱਤਾ ਗਿਆ ਜਿਸ ਕਰਕੇ ਵਿਧਾਇਕਾਂ ਨੇ ਥੱਲ੍ਹੇ ਹੀ ਸੜਕ 'ਤੇ ਧਰਨਾ ਲਗਾ ਦਿੱਤਾ।
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਦੱਸਿਆ ਕਿ ਕੈਪਟਨ ਸਰਕਾਰ ਦੇ ਰਾਜ ਵਿੱਚ ਬਹੁਤ ਘਪਲੇ ਹੋਏ ਹਨ ਜਿਨ੍ਹਾਂ ਦਾ ਸਿੱਧਾ ਦੋਸ਼ ਅਧਿਕਾਰੀਆਂ 'ਤੇ ਪਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਆਪਣੇ ਮੰਤਰੀਆਂ ਨੂੰ ਕੈਪਟਨ ਸਰਕਾਰ ਵੱਲੋਂ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਮਿਲਣ ਨਹੀਂ ਦਿੱਤਾ ਜਾਂਦਾ ਕਿ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਜਿਸ ਕਰਕੇ ਕੋਈ ਨਹੀਂ ਮਿਲ ਸਕਦਾ।
ਜਦੋਂ ਮੁੱਖ ਮੰਤਰੀ ਖ਼ੁਦ ਟਰੈਕਟਰ ਰੈਲੀਆਂ ਕਰਦੇ ਹਨ, ਉਦੋਂ ਕੋਰੋਨਾ ਕਿੱਥੇ ਜਾਂਦਾ ਹੈ। ਉੱਥੇ ਹੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਜਾਣਬੁੱਝ ਕੇ ਕੈਪਟਨ ਸਰਕਾਰ ਆਪਣੇ ਮੰਤਰੀਆਂ ਨੂੰ ਕਲੀਨ ਚਿੱਟ ਦੇ ਰਹੀ ਹੈ ਅਤੇ ਨਿਰਦੋਸ਼ ਲੋਕਾਂ ਨੂੰ ਫਸਾ ਰਹੀ ਹੈ। ਕਿਉਂਕਿ ਇਨ੍ਹਾਂ ਨੂੰ ਪਤਾ ਹੈ ਅਸੀਂ ਪੰਜਾਬ ਲਈ ਕੁਝ ਕੰਮ ਨਹੀਂ ਕੀਤਾ ਤੇ ਵਿਦਿਆਰਥੀਆਂ ਦੇ ਵਜ਼ੀਫ਼ੇ ਖਾ ਕੇ ਕਾਂਗਰਸ ਸਰਕਾਰ ਨੇ ਦਲਿਤਾਂ ਦੇ ਨਾਲ ਧ੍ਰੋਹ ਕਮਾਇਆ ਹੈ। ਮਾਣੂਕੇ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਹੀ ਇਨ੍ਹਾਂ ਨੂੰ ਸਬਕ ਸਿਖਾਏਗੀ।
ਜ਼ਿਕਰਯੋਗ ਹੈ ਕਿ ਦਲਿਤ ਵਿਦਿਆਰਥੀਆਂ ਨੂੰ ਮਿਲਣ ਵਾਲੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੇ ਮਾਮਲੇ ਵਿੱਚ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਂਅ ਆਇਆ ਸੀ। ਇਸ ਤੋਂ ਬਾਅਦ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਇੱਕ-ਇਕ ਕਮੇਟੀ ਬਣਾ ਕੇ ਜਾਂਚ ਲਈ ਬਿਠਾਈ ਗਈ ਸੀ। ਇਸ ਵਿੱਚ ਸੂਬਾ ਸਰਕਾਰ ਦੀ ਕਮੇਟੀ ਨੇ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਕਾਂਗਰਸ ਵਿਰੁੱਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ।