ਚੰਡੀਗੜ੍ਹ: ਕਿਸਾਨਾਂ ਨੂੰ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਦੀ ਪੇਸ਼ਕਸ਼ ਦੇ ਫ਼ੈਸਲੇ ਦਾ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸਵਾਗਤ ਕੀਤਾ ਹੈ। ਵਿਧਾਇਕਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਫ਼ੈਸਲਾ ਦੇਰੀ ਨਾਲ ਲਿਆ ਗਿਆ ਹੈ, ਪਰ ਫੇਰ ਵੀ ਇਹ ਸਵਾਗਤਯੋਗ ਹੈ।
ਵਿਧਾਇਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਸੰਜੀਦਾ ਢੰਗ ਨਾਲ ਇਸ ਗੱਲਬਾਤ ਵਿੱਚ ਭਾਗ ਲੈਂਦਿਆਂ ਕਿਸਾਨਾਂ ਦੇ ਸੰਕੇ ਦੂਰ ਕਰਨੇ ਚਾਹੀਦੇ ਹਨ, ਅਤੇ ਜੇਕਰ ਸੁਹਿਰਦ ਮਾਹੌਲ ਵਿੱਚ ਇਹ ਗੱਲਬਾਤ ਨੇਪਰੇ ਚੜ੍ਹਦੀ ਹੈ ਤਾਂ ਪੰਜਾਬ ਨੂੰ ਹੋ ਰਹੇ ਆਰਥਿਕ ਨੁਕਸਾਨ ਅਤੇ ਪੰਜਾਬ ਦੀ ਖੇਤੀ ਨੂੰ ਮਾਰਨ ਦੇ ਮਨਸੂਬਿਆਂ ਉੱਤੇ ਰੋਕ ਲਗਾਈ ਜਾ ਸਕਦੀ ਹੈ।
ਉਨ੍ਹਾਂ ਕਿਸਾਨਾਂ ਦੇ ਸ਼ੰਕੇ ਜਲਦ ਤੋਂ ਜਲਦ ਦੂਰ ਕਰ ਸੂਬੇ 'ਚ ਗੱਡੀਆਂ ਬਹਾਲ ਕਰਨ ਦੀ ਗੱਲ ਆਖੀ ਹੈ ਤਾਂ ਜੋ ਦਿਵਾਲੀ ਅਤੇ ਬੰਦੀ ਛੋੜ ਦਿਵਸ ਵਰਗੇ ਪਵਿੱਤਰ ਮੌਕਿਆਂ 'ਤੇ ਲੋਕ ਆਪਣੇ ਘਰਾਂ ਨੂੰ ਜਾ ਸਕਣ ਅਤੇ ਵਪਾਰੀ ਵਰਗ ਆਪਣਾ ਵਪਾਰ ਕਰ ਸਕੇ।
ਉਨ੍ਹਾਂ ਕੇਂਦਰ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਸਰਕਾਰ ਦੇ ਨੁਮਾਇੰਦਿਆਂ ਨਾਲ ਕਿਸਾਨਾਂ ਦੀ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਸੀ, ਪ੍ਰੰਤੂ ਸਰਕਾਰ ਵੱਲੋਂ ਚਲਾਕੀਆਂ ਕਰਨ ਦੀ ਕੋਸ਼ਿਸ਼ ਦੇ ਵਿਰੋਧ ਵਜੋਂ ਕਿਸਾਨ ਮੀਟਿੰਗ ਵਿਚੋਂ ਬਾਹਰ ਆ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਇਸ ਵਾਰ ਕਿਸਾਨਾਂ ਨਾਲ ਅਜਿਹਾ ਕਰਨ ਤੋਂ ਗੁਰੇਜ਼ ਕਰਨ ਤਾਂ ਜੋ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਲੱਭਿਆ ਜਾ ਸਕੇ।
ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਨਗਦ ਫ਼ਸਲਾਂ ਬੀਜਣ ਉੱਤੇ ਸਬਸਿਡੀ ਅਤੇ ਉਨ੍ਹਾਂ ਦੀ ਖ਼ਰੀਦ ਸਬੰਧੀ ਨੀਤੀਆਂ ਬਣਾਉਣ ਦੀ ਵੀ ਗੁਜ਼ਾਰਿਸ਼ ਕੀਤੀ ਹੈ।