ਚੰਡੀਗੜ੍ਹ: ਪਾਕਿਸਤਾਨ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਹੋਈ ਸਿੱਖ ਕੁੜੀ ਨੂੰ ਜਬਰੀ ਇਸਲਾਮ ਕਬੂਲ ਕਰਵਾਉਣ ਦੇ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨੇ ਜਾਂਚ ਦੇ ਹੁਕਮ ਜਾਰੀ ਕੀਤੇ ਸਨ। ਇਸ ਉੱਤੇ ਕਾਰਵਾਈ ਕਰਦਿਆ ਨਨਕਾਨਾ ਸਾਹਿਬ ਦੀ ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਲੜਕੀ ਨੂੰ ਪਰਿਵਾਰ ਕੋਲ ਭੇਜ ਦਿੱਤਾ ਗਿਆ ਹੈ।
ਪਾਕਿਸਤਾਨ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ। ਦੱਸ ਦਈਏ ਕਿ ਕੁੜੀ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਮਦਦ ਮੰਗੀ। ਕੁੜੀ ਦੇ ਭਰਾ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੇ ਆਪ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਸ਼ੁਕਵਾਰ ਨੂੰ ਪਾਕਿਸਤਾਨ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਗਵਾਨ ਸਿੰਘ ਦੀ 19 ਸਾਲਾ ਸਿੱਖ ਕੁੜੀ ਦਾ ਜਬਰਨ ਧਰਮ-ਬਦਲੀ ਕਰ ਕੇ ਉਸ ਨਾਲ ਜਬਰਨ ਨਿਕਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪਰਿਵਾਰ ਅਤੇ ਸਿੱਖ ਭਾਈਚਾਰੇ ਨੇ ਦੋਸ਼ ਲਾਏ ਹਨ ਕਿ ਮੁਸਲਿਮ ਨੌਜਵਾਨਾਂ ਨੇ ਬੰਦੂਕ ਦੀ ਨੋਕ 'ਤੇ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਨਿਕਾਹ ਕੀਤਾ ਹੈ। ਇਸ ਮਾਮਲੇ ਨੂੰ ਲੈ ਚੜ੍ਹਦੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਐਨਆਰਸੀ ਕੀ ਹੈ ਅਤੇ ਕਿਉਂ ਹੈ ਇਸ 'ਤੇ ਵਿਵਾਦ
ਜਿਸ ਤੋਂ ਬਾਅਦ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਘਟਨਾ ਪ੍ਰਤੀ ਫੌਰਨ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ, ਕੈਪਟਨ ਨੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ ਸੀ।