ਚੰਡੀਗੜ੍ਹ: ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਪੰਡਾਲ ਗੁਰੂ ਨਾਨਕ ਦਰਬਾਰ ਬਣਾਇਆ ਗਿਆ। ਇਸ ਪੰਡਾਲ ਵਿੱਚ ਪੰਜਾਬ ਸਰਕਾਰ ਵੱਲੋਂ ਪੰਥਕ ਜਥੇਬੰਦੀਆਂ ਤੇ ਸੰਤ ਸਮਾਜ ਦੇ ਸਹਿਯੋਗ ਨਾਲ ਉਲੀਕੇ ਪ੍ਰੋਗਰਾਮ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੀ ਅਰੰਭਤਾ ਹੋਈ ਤੇ ਉਪਰੰਤ ਸੰਗਤਾਂ ਨੇ ਕੀਰਤਨ ਤੇ ਢਾਰੀ ਵਾਰਾਂ ਦਾ ਅਨੰਦ ਮਾਣਿਆ।
ਜੈਕਾਰਿਆਂ ਦੀ ਗੂੰਜ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਡਾਲ ਵਿੱਚ ਆਮਦ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਆਪਣੇ ਸੀਸ 'ਤੇ ਬਿਰਾਜਮਾਨ ਕਰਕੇ ਪਾਲਕੀ ਸਾਹਿਬ 'ਚ ਸੁਸ਼ੋਭਿਤ ਕਰਨ ਦੀ ਸੇਵਾ ਕੀਤੀ ਤਾਂ ਸਮੁੱਚਾ ਪੰਡਾਲ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ।
ਇਸ ਧਾਰਮਿਕ ਸਮਾਗਮ ਵਿੱਚ ਜਿਥੇ ਵੱਡੀ ਗਿਣਤੀ ਸੰਤ ਮਹਾਂਪੁਰਖਾਂ, ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਭੇਖ, ਨਾਮਧਾਰੀ ਅਤੇ ਹੋਰ ਸੰਪਰਦਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਹਾਜ਼ਰੀ ਲੁਆਈ ਉਥੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਨਤਮਸਤਕ ਹੋਣ ਲਈ ਪੁੱਜਾ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸਤਿਨਾਮੁ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ।
ਧਾਰਮਿਕ ਸਮਾਗਮ ਦੀ ਸ਼ੁਰੂਆਤ ਸੂਫ਼ੀ ਗਾਇਕਾ ਹਰਸ਼ਦੀਪ ਕੌਰ ਨੇ 'ਮੇਰੇ ਸਾਹਿਬਾ' ਸ਼ਬਦ ਨਾਲ ਅਰੰਭ ਕਰਕੇ ਕਈ ਸ਼ਬਦ ਗਾਇਨ ਕਰਕੇ ਸਮੁੱਚੀ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਭਾਈ ਮਨਜੀਤ ਸਿੰਘ ਸ਼ਾਂਤ ਨੇ ਸੰਗਤਾਂ ਨੂੰ ਗੁਰਮਤਿ ਸੰਗੀਤ ਨਾਲ ਗੁਰਬਾਣੀ ਸ਼ਬਦ ਸਰਵਣ ਕਰਵਾਏ।
ਇਸ ਮਗਰੋਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਤਰ ਬਲਬੀਰ ਸਿੰਘ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਭਾਈ ਗੁਰਫਤਹਿ ਸਿੰਘ ਸ਼ਾਂਤ, ਡਾ. ਕਮਲੇਸ਼ ਇੰਦਰ ਸਿੰਘ, ਚੰਡੀਗੜ ਵਾਲੇ ਅਤੇ ਭਾਈ ਗਗਨਦੀਪ ਸਿੰਘ ਗੰਗਾ ਨਗਰ ਵਾਲਿਆਂ ਦੇ ਰਾਗੀ ਜਥਿਆਂ ਵੱਲੋਂ ਰਾਗਾਂ 'ਤੇ ਅਧਾਰਤ ਇਲਾਹੀ ਬਾਣੀ ਦੇ ਕੀਤੇ ਕੀਰਤਨ ਨੇ ਸੰਗਤਾਂ ਨੂੰ ਗੁਰੂ ਚਰਨਾਂ ਜੋੜਿਆ। ਭਾਈ ਜਸਵੰਤ ਸਿੰਘ ਦੀਵਾਨਾ ਦੇ ਢਾਡੀ ਜਥੇ ਵੱਲੋਂ ਪੇਸ਼ ਢਾਡੀ ਵਾਰਾਂ ਨੇ ਸੰਗਤਾਂ ਵਿੱਚ ਜੋਸ਼ ਭਰਿਆ।