ਚੰਡੀਗੜ੍ਹ: ਪੰਜਾਬ ਪੁਲਿਸ ਦੇ ਫਰਜ਼ੀ ਤਰੱਕੀ ਦੇ ਆਦੇਸ਼ ਮਾਮਲੇ ’ਚ ਚੰਡੀਗੜ੍ਹ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ, ਬਹਾਦੁਰ ਸਿੰਘ, ਮਨੀ ਕਤੋਚ, ਸਰਬਜੀਤ ਸਿੰਘ ਅਤੇ ਸਤਵੰਤ ਸਿੰਘ ਦੇ ਨਾਂ ਵੱਜੋਂ ਹੋਈ ਹੈ। ਇਹ ਸਾਰੇ ਪੰਜਾਬ ਪੁਲਿਸ ਚ ਤੈਨਾਤ ਹਨ।
ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਹੁਣ ਉਨ੍ਹਾਂ ਤੋਂ ਪੁੱਛਗਿੱਛ ਕਰ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬ ਪੁਲਿਸ ਚ ਤੈਨਾਤ ਹਨ ਮੁਲਜ਼ਮ
ਦੱਸ ਦਈਏ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਚ ਸੰਦੀਪ ਸੁਪਰੀਟੇਂਡੇਂਟ ਹੈ ਜਦਕਿ ਮਣੀ ਹੈੱਡ ਕਾਂਸਟੇਬਲ ਹੈ ਅਤੇ ਉਨ੍ਹਾਂ 11 ਪੰਜਾਬ ਪੁਲਿਸ ਕਰਮੀਆਂ ਚ ਸ਼ਾਮਲ ਹਨ ਜਿਨ੍ਹਾਂ ਦੇ ਨਾਂ ਤਰੱਕੀ ਆਦੇਸ਼ ’ਚ ਕੀਤੇ ਗਏ ਸੀ। ਜਦਕਿ ਤੀਜਾ ਮੁਲਜ਼ਮ 52 ਸਾਲ ਦਾ ਬਹਾਦੁਰ ਸਿੰਘ ਹੈ ਜੋ ਕਿ ਚੰਡੀਗੜ੍ਹ ਪੁਲਿਸ ਚ ਸੁਪਰਿਟੇਂਡੇਂਟ ਹੈ। ਉਸੀ ਨੇ ਹੀ ਆਪਣੇ ਬ੍ਰਾਂਚ ਦੇ ਡਿਸਪੈਂਚ ਰਜਿਸਟਰ ’ਚ ਇਨ੍ਹਾਂ ਆਦੇਸ਼ ਦੀ ਐਂਟਰੀ ਕੀਤੀ ਸੀ।
ਪੁਲਿਸ ਨੇ ਮੁਲਜ਼ਮਾਂ ਤੋਂ ਬਰਾਮਦ ਕੀਤਾ ਇਹ
ਦੱਸ ਦਈਏ ਕਿ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਸੰਦੀਪ ਕੁਮਾਰ ਕੋਲੋਂ ਲੈਪਟਾਪ ਮੋਬਾਇਲ ਫੋਨ, ਡਿਸਪੈਂਚ ਰਜਿਸਟਰ ਅਤੇ ਕਾਰ ਬਰਾਮਦ ਕੀਤੀ ਹੈ। ਫਿਲਹਾਲ ਸਾਰੇ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰ ਲਿਆ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਨਾਂ ਤੇ ਫਰਜ਼ੀ ਤਰੱਕੀ ਅਤੇ ਭਰਤੀ ਦੇ ਆਦੇਸ਼ ਮਾਮਲੇ ਚ ਪੁਲਿਸ ਨੇ 12 ਜਨਵਰੀ ਨੂੰ ਸੈਕਟਰ 3 ਪੁਲਿਸ ਸਟੇਸ਼ਨ ’ਚ ਆਈਪੀਸੀ ਦੀ ਧਾਰਾ 419, 420, 464, 465, 467, 468, 471 ਅਤੇ 120-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।
8 ਜਨਵਰੀ ਨੂੰ ਬਦਲੇ ਸੀ 47 ਅਫਸਰ
ਦੱਸ ਦਈਏ ਕਿ 8 ਜਨਵਰੀ ਨੂੰ ਹੀ ਚੱਟੋਪਾਧਿਆਏ ਨੂੰ ਲਾਂਭੇ ਕਰਦਿਆਂ ਪੰਜਾਬ ਸਰਕਾਰ ਨੇ ਯੂ.ਪੀ.ਐਸ.ਸੀ. ਵੱਲੋਂ ਭੇਜੇ ਗਏ ਪੈਨਲ ਵਿੱਚ ਵੀ.ਕੇ. ਭਾਵਰਾ ਨੂੰ ਪੰਜਾਬ ਦਾ ਨਵਾਂ ਡੀ.ਜੀ.ਪੀ.ਨਿਯੁਕਤ ਕੀਤਾ ਸੀ। ਇਸੇ ਦਿਨ 47 ਪੁਲਿਸ ਅਫਸਰਾਂ ਦੇ ਤਬਾਦਲਿਆਂ ਦਾ ਹੁਕਮ ਆਇਆ ਸੀ ਤੇ ਸੂਤਰਾਂ ਮੁਤਾਬਕ ਇਨ੍ਹਾਂ ਅਫਸਰਾਂ ਨੇ ਨਵੀਆਂ ਪੋਸਟਿੰਗਾਂ ’ਤੇ ਜੁਆਇਨਿੰਗ ਵੀ ਕਰ ਲਈ ਸੀ।
ਇਹ ਵੀ ਪੜੋ: Punjab Assembly Election 2022: ਪਰਚੇ ਦਰਜ ਹੋਣ ਤੋਂ ਬਾਅਦ ਵੀ ਪੰਜਾਬ ’ਚ ਇਹ ਚਿਹਰੇ ਬਣੇ ਉਮੀਦਵਾਰ