ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਠਵੰਜਾ ਵਿਧਾਇਕਾਂ ਦੇ ਹਸਤਾਖਰ ਕਰਵਾ ਸੱਦਾ ਪੱਤਰ ਦੇਣ ਤੋਂ ਬਾਅਦ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਨਾਗਰਾ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੀ ਰਸਮੀ ਮਰਿਆਦਾ ਹੈ ਕਿ ਸਾਰੀ ਸੂਬੇ ਦੀ ਲੀਡਰਸ਼ਿਪ ਇਕੱਠੇ ਹੋ ਕੇ ਰਸਮੀ ਤੌਰ 'ਤੇ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਹੁੰਦੀ ਹੈ।
ਕੁਲਜੀਤ ਨਾਗਰਾ ਨੇ ਕਿਹਾ ਕਿ ਕੁਝ ਇੱਕ ਸੋਸ਼ਲ ਮੀਡੀਆ ਅਤੇ ਟੀ.ਵੀ ਮੀਡੀਆ ਵਿੱਚ ਜੋ ਪ੍ਰਚਾਰ ਕੀਤਾ ਜਾ ਰਿਹੈ ਉਸ ਉੱਪਰ ਤਾਂ ਉਹ ਕੋਈ ਟਿੱਪਣੀ ਨਹੀਂ ਕਰਨਗੇ, ਪਰ ਇੰਨਾ ਜ਼ਰੂਰ ਕਹਿਣਗੇ ਕਿ ਕਾਂਗਰਸ ਇਕਜੁੱਟ ਹੈ ਅਤੇ ਹਮੇਸ਼ਾ ਇਕੱਠਿਆਂ ਮਿਲ ਕੇ ਹੀ ਚੋਣਾਂ ਲੜਦੀ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਹੈ ਕਿ ਉਹ ਕਦੇ ਵੀ ਵੰਡੀ ਨਹੀਂ ਜਾਂਦੀ।
ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚ ਚੁੱਕੇ ਹਨ। ਉਹ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਹਾਲਾਂਕਿ ਹਾਈਕਮਾਨ ਵੱਲੋਂ ਹੋਰ ਕੌਣ ਪਹੁੰਚ ਸਕਦਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੀਨੀਅਰ ਦੇ ਆਉਣ ਬਾਰੇ ਮੀਡੀਆ ਨੂੰ ਦੱਸਿਆ ਜਾਵੇਗਾ ਅਤੇ ਪੰਜਾਬ ਦੀ ਲੀਡਰਸ਼ਿਪ ਸਣੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਨਵਜੋਤ ਸਿੱਧੂ ਨੂੰ ਪਿਆਰ ਕਰਨ ਵਾਲਾ ਹਰ ਵਰਕਰ ਚੰਡੀਗੜ੍ਹ ਸਮਾਗਮ 'ਚ ਸ਼ਿਰਕਤ ਕਰੇਗਾ।
ਹਾਲਾਂਕਿ ਇਸ ਦੌਰਾਨ ਕੁਲਜੀਤ ਨਾਗਰਾ ਨੂੰ ਇਹ ਵੀ ਸਵਾਲ ਕੀਤਾ ਗਿਆ ਕਿ ਚੰਡੀਗੜ੍ਹ ਪੁਲੀਸ ਪ੍ਰਸ਼ਾਸਨ ਵੱਲੋਂ ਪੰਜ ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠ ਨਾ ਕਰਨ ਦੀ ਸਲਾਹ ਪੰਜਾਬ ਕਾਂਗਰਸ ਨੂੰ ਦਿੱਤੀ ਗਈ ਹੈ। ਇਸ ਬਾਰੇ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਹੈ ਅਤੇ ਉਨ੍ਹਾਂ ਵੱਲੋਂ ਵੀ ਕਾਂਗਰਸ ਭਵਨ ਵਿਖੇ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜ ਹਜ਼ਾਰ ਤੋਂ ਵੱਧ ਵਿਅਕਤੀ ਇਕੱਠੇ ਨਾ ਕਰਨ ਦੀ ਸਲਾਹ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਕਿਉਂਕਿ ਚੰਡੀਗੜ੍ਹ ਵਿੱਚ ਧਾਰਾ 144 ਲੱਗੀ ਹੋਈ ਹੈ।