ਬਠਿੰਡਾ: ਪੰਜਾਬ ’ਚ ਨਸ਼ੇ ਕਾਰਨ ਮੌਤਾਂ ਦੇ ਅੰਕੜਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਬਠਿੰਡਾ ਦੇ ਧੋਬੀਆਣਾ ਬਸਤੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਲਾਸ਼ ਨੇੜੇ ਸਰਿੰਜਾ ਮਿਲੀਆਂ ਹਨ। ਜਿਸ ਤੋਂ ਪ੍ਰਤੱਖਦਰਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੇ ਨਾਲ ਹੋਈ ਹੈ।
ਮਾਮਲੇ ਸਬੰਧੀ ਪ੍ਰਤੱਖਦਰਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਚਿੱਟੇ ਦੇ ਕਾਰਨ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਲੱਖ ਦਾਅਵੇ ਕਰੀ ਜਾਵੇ ਕਿ ਨਸ਼ੇ ਨੂੰ ਰੋਕਣ ਲਈ ਪੁਖਤ ਪ੍ਰਬੰਧ ਕੀਤੇ ਗਏ ਹਨ ਪਰ ਅਸਲ ਚ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਇਸਦੀ ਸੂਚਨਾ ਸਮਾਜ ਸੇਵੀ ਸੰਸਥਾਵਾਂ ਨੂੰ ਮਿਲਣ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਵੱਲੋਂ ਲਾਸ਼ ਨੂੰ ਹਸਪਤਾਲ ਪਹੁੰਚਾਇਆ ਗਿਆ।
ਸਮਾਜ ਸੇਵੀ ਸੰਸਥਾ ਦੇ ਆਗੂ ਸੰਦੀਪ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਫੋਨ ਆਇਆ ਸੀ ਕਿ ਇਕ ਪਲਾਟ ਵਿਚ ਨੌਜਵਾਨ ਦੀ ਲਾਸ਼ ਪਈ ਹੈ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਨੌਜਵਾਨ ਦੇ ਕੋਲੇ ਸਰਿੰਜਾਂ ਪਈਆਂ ਸਨ ਅਤੇ ਜਦੋਂ ਉਨ੍ਹਾਂ ਵੱਲੋਂ ਇਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਮਲੇ ਸਬੰਧੀ ਹਸਪਤਾਲ ਦੇ ਸਰਕਾਰੀ ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾਕਟਰ ਖੁਸ਼ਦੀਪ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ, ਪਰ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਇਹ ਤਾਂ ਡਾਕਟਰਾਂ ਦੀ ਰਿਪੋਰਟ ਹੀ ਦੱਸ ਸਕਦੀ ਹੈ।
ਇਹ ਵੀ ਪੜੋ: ਪੁਰਾਣੀ ਰੰਜਿਸ਼ ਦੇ ਚਲਦੇ ਕਸਬਾ ਝਬਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ, ਘਰਾਂ 'ਚ ਵੜ ਕੇ ਚਲਾਏ ਇੱਟਾਂ ਰੋੜੇ