ਬਠਿੰਡਾ: ਤਰਨਤਾਰਨ ਦੇ ਪੱਟੀ ਮੌੜ ਵਿਖੇ ਬੀਤੀ ਰਾਤ ਚਰਚ ਵਿਚ ਕੀਤੀ ਗਈ ਭੰਨ ਤੋੜ (Vandalism in church at Patti Maur) ਤੋਂ ਬਾਅਦ ਅੱਜ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਅਤੇ ਚਰਚਾਂ ਦੀ ਸੁਰੱਖਿਆ ਵਧਾ ਦਿੱਤੀ ਗਈ। ਬਠਿੰਡਾ ਦੀ ਠੰਢੀ ਸੜਕ ਉੱਤੇ ਸਥਿਤ ਚਰਚ ਦੀ ਸੁਰੱਖਿਆ ਜਿੱਥੇ ਵਧਾ ਦਿੱਤੀ ਗਈ ਹੈ। ਉਥੇ ਖੁਦ ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਚਰਚ ਦੇ ਪਾਦਰੀ ਅਨਿਲ ਵਿਲੀਅਮ ਨੇ ਜਿੱਥੇ ਇਸ ਘਟਨਾ ਦੀ ਨਿਖੇਧੀ ਕੀਤੀ, ਉੱਥੇ ਹੀ ਇਸ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅਨਿਲ ਦਾ ਕਹਿਣਾ ਹੈ ਕਿ ਕ੍ਰਿਸ਼ਨ ਧਰਮ ਇਕ ਐਟੀਚਿਊਟ ਹੈ, ਜੋ ਕਿ ਲੋਕਾਂ ਨੂੰ ਜਿਊਣਾ ਸਿਖਾਉਂਦਾ ਹੈ, ਪਰ ਕੁਝ ਲੋਕਾਂ ਵੱਲੋਂ ਇਸ ਧਰਮ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਅਤੇ ਆਪਸੀ ਭਾਈਚਾਰੇ ਨੂੰ ਤੋੜਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ।
ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਇੰਟੈਲੀਜੈਂਸ ਵਿਭਾਗ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਚਰਚ ਵਿੱਚ ਪਹਿਲਾਂ ਹੀ ਸੁਰੱਖਿਆ ਦੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ, ਸੀਸੀਟੀਵੀ ਕੈਮਰੇ ਆਦਿ ਲੱਗੇ ਹੋਏ ਹਨ ਅਤੇ ਇਸ ਤੋਂ ਇਲਾਵਾ ਐਤਵਾਰ ਨੂੰ ਬਕਾਇਦਾ ਪੁਲਿਸ ਵੱਲੋਂ ਇੱਥੇ ਕਰਮਚਾਰੀਆਂ ਦੀ ਤਾਇਨਾਤੀ ਵੀ ਕੀਤੀ ਗਈ ਹੈ।
ਦੱਸ ਦਈਏ ਕਿ ਪੰਜਾਬ ਦੇ ਤਰਨਤਾਰਨ ਸ਼ਹਿਰ ਦੇ ਇੱਕ ਚਰਚ ਵਿੱਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਚਾਰ ਦੋਸ਼ੀ ਮੰਗਲਵਾਰ ਰਾਤ 12.30 ਵਜੇ ਚਰਚ ਵਿਚ ਦਾਖਲ ਹੋਏ। ਸੀਸੀਟੀਵੀ ਵਿੱਚ ਦੋ ਮੁਲਜ਼ਮ ਦਿਖਾਈ ਦਿੱਤੇ, ਜਿਨ੍ਹਾਂ ਨੇ ਚਰਚ ਦੇ ਬਾਹਰ ਪ੍ਰਭੂ ਯਿਸੂ ਅਤੇ ਮਦਰ ਮੈਰੀ ਦੀਆਂ ਮੂਰਤੀਆਂ ਦੇ ਸਿਰ ਤੋੜ ਦਿੱਤੇ। ਪਾਦਰੀ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ ਗਈ। ਇਲਾਕੇ ਵਿੱਚ ਤਣਾਅ ਬਣਿਆ ਹੋਇਆ ਹੈ। ਤਿੰਨ ਦਿਨ ਪਹਿਲਾਂ ਜੰਡਿਆਲਾ ਨੇੜਲੇ ਪਿੰਡ ਵਿੱਚ ਈਸਾਈਆਂ ਅਤੇ ਨਿਹੰਗਾਂ ਵਿੱਚ ਝੜਪ ਹੋ ਗਈ ਸੀ।
ਸੀਸੀਟੀਵੀ 'ਚ ਦੇਖੀ ਸਾਰੀ ਘਟਨਾ: ਚਰਚ ਵਿਚ ਦਾਖਲ ਹੋਏ 4 ਲੋਕਾਂ ਨੇ ਗਾਰਡ ਦੇ ਸਿਰ 'ਤੇ ਪਿਸਤੌਲ ਰੱਖ ਕੇ ਉਸ ਦੀ ਬਾਂਹ ਬੰਨ੍ਹ ਦਿੱਤੀ। ਚਰਚ ਦੀ ਪਹਿਲੀ ਮੰਜ਼ਿਲ 'ਤੇ ਮਾਂ ਮੈਰੀ ਅਤੇ ਪ੍ਰਭੂ ਯਿਸੂ ਦੀ ਮੂਰਤੀ ਨੂੰ ਤੋੜ ਦਿੱਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਮੁਲਜ਼ਮ ਮੂਰਤੀ ਦਾ ਸਿਰ ਵੱਖ ਕਰ ਕੇ ਚੁੱਕ ਕੇ ਲੈ ਗਏ। ਜਾਂਦੇ ਸਮੇਂ ਮੁਲਜ਼ਮਾਂ ਨੇ ਚਰਚ ਦੇ ਅੰਦਰ ਖੜ੍ਹੀ ਕਾਰ ਨੂੰ ਵੀ ਅੱਗ ਲਾ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮਿਲੇ ਡੇਂਗੂ ਦੇ 23 ਨਵੇਂ ਮਾਮਲੇ, ਸਿਹਤ ਵਿਭਾਗ ਨੇ ਦਿੱਤੀ ਇਹ ਹਦਾਇਤ