ਬਠਿੰਡਾ: ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ (Khalistani separatist Gurpatwant Singh Pannu) ਦੇ ਮਾਮਲੇ ਵਿੱਚ ਇੰਟਰਪੋਲ ਨੇ ਇੱਕ ਵਾਰ ਫਿਰ ਭਾਰਤ ਨੂੰ ਫਿਰ ਕਰਾਰਾ ਝਟਕਾ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਬਠਿੰਡਾ ਥਰਮਲ ਪਲਾਂਟ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲੇ। ਇਸ ਦੇ ਨਾਲ ਹੀ ਸ਼ਰਾਰਤੀ ਅਨਸਰ ਵੱਲੋਂ ਥੈਕਯੂ ਇੰਟਰਪੋਲ ਵੀ ਲਿਖਿਆ ਗਿਆ।
ਦੂਜੇ ਪਾਸੇ ਐਸਐਫਜੇ ਦੇ ਜਨਰਲ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਇੰਟਰਪੋਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਖਾਲਿਸਤਾਨ ਸਮਰਥਕ ਸਿੱਖ ਆਪਣੇ ਸੰਵਿਧਾਨ ਨੂੰ ਕਾਇਮ ਰੱਖਣ ਅਤੇ ਅੱਤਵਾਦ ਅਤੇ ਖਾਲਿਸਤਾਨ ਰੈਫਰੈਂਡਮ ਵਿੱਚ ਫਰਕ ਕਰਨ ਲਈ ਇੰਟਰਪੋਲ ਦਾ ਧੰਨਵਾਦ ਕਰਦੇ ਹਨ।
ਨਾਲ ਹੀ ਪਨੂੰ ਨੇ ਇਹ ਵੀ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਤੇ 6 ਨਵੰਬਰ ਖਾਲਿਸਤਾਨ ਰੈਫਰੈਂਡਮ ਵੋਟਾਂ ਕਨੇਡਾ ਦੇ ਲੱਗੇ ਛਾਪੇ ਗਵਾਹੀ ਦਿੰਦੇ ਹਨ ਕਿ ਸਿੱਖਸ ਫੋਰ ਜਸਟਿਸ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਵੋਟਾਂ ਨਾਲ ਅਜ਼ਾਦ ਕਰਵਾਉਣਾ ਚਾਹੁੰਦੀ ਹੈ, ਬੰਬ ਧਮਾਕਿਆਂ ਨਾਲ ਨਹੀਂ।
ਇਸ ਮਾਮਲੇ ਸਬੰਧੀ ਐਸਐਚਓ ਥਾਣਾ ਥਰਮਲ ਨੇ ਕਿਹਾ ਕਿ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਇਸ ਸਬੰਧੀ ਜਾਣਕਾਰੀ ਮਿਲੀ ਉਹ ਘਟਨਾ ਸਥਾਨ ਉੱਤੇ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਨਾਅਰਿਆਂ ਨੂੰ ਸਾਫ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਇੰਟਰਪੋਲ ਨੇ ਕੈਨੇਡਾ ਸਥਿਤ ਸਿੱਖਸ ਫਾਰ ਜਸਟਿਸ (SFJ) ਦੇ ਬਾਨੀ, ਕਾਨੂੰਨੀ ਸਲਾਹਕਾਰ ਅਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਖਿਲਾਫ ਅੱਤਵਾਦ ਦੇ ਦੋਸ਼ਾਂ 'ਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਭਾਰਤ ਦੀ ਦੂਜੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਹੈ।